Amit Shah discharged AIIMS: ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੱਜ ਯਾਨੀ ਕਿ ਸੋਮਵਾਰ ਨੂੰ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ। ਐਤਵਾਰ ਨੂੰ ਏਮਜ਼ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਠੀਕ ਹੋ ਗਏ ਹਨ ਅਤੇ ਉਨ੍ਹਾਂ ਨੂੰ ਜਲਦੀ ਛੁੱਟੀ ਦੇ ਦਿੱਤੀ ਜਾਵੇਗੀ । ਦਰਅਸਲ, ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ ਅਮਿਤ ਸ਼ਾਹ ਨੂੰ 18 ਅਗਸਤ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ। ਤਕਰੀਬਨ 12 ਦਿਨਾਂ ਤੋਂ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਗੌਰਤਲਬ ਹੈ ਕਿ 2 ਅਗਸਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਸੀ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗੁਰੂਗਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਉਨ੍ਹਾਂ ਦੀ ਕੋਰੋਨਾ ਜਾਂਚ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ 14 ਅਗਸਤ ਨੂੰ ਮੇਦਾਂਤਾ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ, ਪਰ ਬਾਅਦ ਵਿੱਚ ਉਹ ਹੋਮ ਆਈਸੋਲੇਸ਼ਨ ਵਿੱਚ ਸਨ।
ਦੱਸ ਦੇਈਏ ਕਿ ਕੋਰੋਨਾ ਨੈਗੇਟਿਵ ਹੋਣ ਦੇ ਚਾਰ ਦਿਨਾਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਦੇ ਚੱਲਦਿਆਂ 18 ਅਗਸਤ ਦੀ ਦੇਰ ਰਾਤ ਨੂੰ ਦਿੱਲੀ ਦੇ ਏਮਜ਼ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ । ਜਿੱਥੇ ਏਮਜ਼ ਦੇ ਡਾਇਰੈਕਟਰ ਡਾ: ਰਣਦੀਪ ਗੁਲੇਰੀਆ ਦੀ ਅਗਵਾਈ ਵਾਲੀ ਇੱਕ ਟੀਮ ਉਨ੍ਹਾਂ ਦੀ ਦੇਖ-ਰੇਖ ਕਰ ਰਹੀ ਸੀ। ਜਿਸ ਤੋਂ ਬਾਅਦ ਅੱਜ 12 ਦਿਨਾਂ ਦੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਤੋਂ ਛੁੱਟੀ ਦੇ ਦਿੱਤੀ ਗਈ ਹੈ।