Holiday announced on : ਕਲ ਜਿਲ੍ਹਾ ਜਲੰਧਰ ਵਿਖੇ ਸਿੱਧ ਬਾਬਾ ਸੋਢਲ ਮਹਾਰਾਜ ਜੀ ਦਾ ਸਾਲਾਨਾ ਜੋੜ ਮੇਲਾ ਹੈ। ਇਸ ਮੌਕੇ ਜਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਦੀ ਸ਼ਰਧਾ ਨੂੰ ਧਿਆਨ ‘ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਵਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਕਲ 1 ਸਤੰਬਰ ਨੂੰ ਸਾਰੇ ਦਫਤਰਾਂ, ਨਿਗਮਾਂ, ਬੋਰਡਾਂ, ਵਿੱਦਿਅਕ ਅਦਾਰਿਆਂ ਤੇ ਪੰਜਾਬ ਸਰਕਾਰ ਦੀਆਂ ਵੱਖ-ਵੱਖ ਸੰਸਥਾਵਾਂ ਵਿਚ ਲੋਕਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਇਸ ਦਿਨ ਪੰਜਾਬ ਦੇ ਨਾਲ-ਨਾਲ ਹੋਰਨਾਂ ਜਿਲ੍ਹਿਆਂ ਤੋਂ ਬਹੁਤ ਵੱਡੀ ਗਿਣਤੀ ਵਿਚ ਲੋਕ ਬਾਬਾ ਸੋਢਲ ਜੀ ਦੇ ਦਰਸ਼ਨ ਕਰਨ ਲਈ ਆਉਂਦੇ ਹਨ। ਇਹ ਮੇਲਾ ਚੱਢਾ ਬਰਾਦਰੀ ਦੇ ਲੋਕਾਂ ਲਈ ਖਾਸ ਮਹੱਤਵ ਰੱਖਦਾ ਹੈ, ਉਹ ਇਸ ਮੇਲੇ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਂਦੇ ਹਨ। ਮੇਲੇ ਦੇ ਦਿਨਾਂ ਦੌਰਾਨ ਚੱਢਾ ਬਰਾਦਰੀ ਦੇ ਲੋਕ ਸਿਰਫ ਕੜਾਹੀ ਵਿਚ ਤਲੇ ਹੋਏ ਪਕਵਾਨ ਹੀ ਖਾ ਸਕਦੇ ਹਨ। ਮੇਲੇ ਦੌਰਾਨ ਵੱਖ-ਵੱਖ ਸਭਾਵਾਂ ਤੇ ਧਾਰਮਿਕ ਕਮੇਟੀਆਂ ਵਲੋਂ ਦਿਨ-ਰਾਤ ਲੰਗਰ ਦੀ ਸੇਵਾ ਕਰਦੀਆਂ ਹਨ। ਇਸ ਮੇਲੇ ਦੌਰਾਨ ਬੱਚੇ ਤੇ ਵੱਡੇ ਝੂਲਿਆਂ, ਸਰਕਸਾਂ, ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਬੜੇ ਹੀ ਸੋਹਣੇ ਢੰਗ ਨਾਲ ਸਜਾਉਂਦੇ ਹਨ। ਪਰ ਇਸ ਵਾਰ ਕੋਰੋਨਾ ਵਾਇਰਸ ਕਾਰਨ ਇਹ ਸਾਰਾ ਕੁਝ ਦੇਖਣ ਨੂੰ ਨਹੀਂ ਮਿਲੇਗਾ। ਇਸ ਵਾਰ ਮੇਲਾ ਨਹੀਂ ਲੱਗੇਗਾ। ਉਥੇ ਲੋਕ ਸਿਰਫ ਦਰਸ਼ਨ ਕਰਨ ਲਈ ਹੀ ਆ ਸਕਣਗੇ ਤੇ ਜ਼ਿਆਦਾ ਲੋਕਾਂ ਦੀ ਭੀੜ ਇਕੱਠੀ ਨਹੀਂ ਕੀਤੀ ਜਾਵੇਗੀ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਸਾਰਿਆਂ ਨੂੰ ਦਰਸ਼ਨ ਕਰਵਾਏ ਜਾਣਗੇ ਤਾਂ ਜੋ ਕੋਰੋਨਾ ਵਾਇਰਸ ਦੇ ਨਿਯਮਾਂ ਦੀ ਵੀ ਪਾਲਣਾ ਹੋ ਜਾਵੇ ਤੇ ਨਾਲ ਹੀ ਲੋਕਾਂ ਨੂੰ ਸਿੱਧ ਬਾਬਾ ਸੋਢਲ ਮਹਾਰਾਜ ਜੀ ਦੇ ਦਰਸ਼ਨ ਵੀ ਹੋ ਜਾਣ।