Police officer arrested in Kabaddi player : ਬਟਾਲਾ ਵਿਖੇ ਕਬੱਡੀ ਖਿਡਾਰੀ ਗੁਰਮੇਜ ਸਿੰਘ ਦੇ ਕਤਲ ਮਾਮਲੇ ਵਿਚ ਸਖਤ ਕਾਰਵਾਈ ਕਰਦੇ ਹੋਏ ਗ੍ਰਿਫਤਾਰ ਕੀਤੇ ਗਏ ਪੰਜ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਏਐਸਆਈ ਬਲਕਾਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਕਾਲਾ ਬਾਲਾ, ਏਐਸਆਈ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਲਾਲਪੁਰ, ਹੈੱਡ ਕਾਂਸਟੇਬਲ ਅਵਤਾਰ ਸਿੰਘ ਪੁੱਤਰ ਭੁਪਿੰਦਰ ਸਿੰਘ ਵਾਸੀ ਕੋਟਲਾ ਗੁੱਜਰਾਂ, ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਮੱਲੀਆਂ ਕਲਾਂ, ਅਤੇ ਏਐਸਆਈ ਬਲਜੀਤ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗੁਮਾਨਪੁਰ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਇਕ ਹੋਰ ਦੋਸ਼ੀ ਸਿਮਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ।
ਦੱਸਣਯੋਗ ਹੈ ਕਿ ਬਟਾਲਾ ਦੇ ਪਿੰਡ ਭਗਵਾਨਪੁਰ ਵਿਚ ਐਤਵਾਰ ਰਾਤ ਨੂੰ ਰੰਜਿਸ਼ ਦੇ ਚੱਲਦਿਆਂ ਕੌਮਾਂਤਰੀ ਕਬੱਡੀ ਖਿਡਾਰੀ 28 ਸਾਲਾ ਗੁਰਮੇਜ ਸਿੰਘ ਦਾ ਕੁਝ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਉਸ ਵੇਲੇ ਕਤਲ ਕਰ ਦਿੱਤਾ ਸੀ, ਜਦੋਂ ਉਹ ਕਾਰ ਵਿਚ ਪਰਿਵਾਰ ਨਾਲ ਪਰਤ ਰਿਹਾ ਸੀ। ਉਨ੍ਹਾਂ ਨਾਲ ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ, ਪਤਨੀ ਤੇ ਪੁੱਤਰ ਸੀ। ਪਿੰਡ ਦੇ ਕੋਲ ਆਲਟੋ ਤੇ ਸਵਿਫਟ ਵਿਚ ਆਏ ਪੁਲਿਸ ਵਾਲਿਆਂ ਨੇ ਉਨ੍ਹਾਂ ਦਾ ਰਸਤਾ ਰੋਕਿਆ ਅਤੇ ਦੋਵਾਂ ਕਾਰਾਂ ਵਿਚੋਂ 6 ਲੋਕ ਉਤਰੇ ਜਿਨ੍ਹਾਂ ਵਿਚੋਂ 5 ਪੁਲਿਸ ਵਾਲੇ ਸਨ। ਸਾਰੇ ਨਸ਼ੇ ਵਿਚ ਸਨ। ਕਾਰ ਕ੍ਰਾਸ ਕਰਨ ਨੂੰ ਲੈ ਕੇ ਤਕਰਾਰ ਹੋਣ ’ਤੇ ਜਦੋਂ ਗੁਰਮੇਜ ਬਾਹਰ ਨਿਕਲਿਆ ਤਾਂ ਏਐਸਆਈ ਬਲਜੀਤ ਨੇ ਗੋਲੀ ਮਾਰ ਦਿੱਤੀ।