Demand for extension : ਜਲੰਧਰ : ਸ਼ਰਾਬ ਠੇਕੇਦਾਰਾਂ ਦੀਆਂ ਉਮੀਦਾਂ ਇੱਕ ਵਾਰ ਫਿਰ ਤੋਂ ਧੁੰਦਲੀਆਂ ਹੋ ਗਈਆਂ ਹਨ। ਅਨਲਾਕ-ਚਾਰ ਦੀ ਪ੍ਰਕਿਰਿਆ ‘ਚ ਵੀ ਸੂਬਾ ਸਰਕਾਰ ਨੇ ਸ਼ਰਾਬ ਠੇਕਿਆਂ ਨੂੰ ਸ਼ਾਮ 6.30 ਵਜੇ ਬੰਦ ਕਰਨ ਨੂੰ ਹੀ ਕਿਹਾ ਹੈ। 31 ਅਗਸਤ ਨੂੰ ਸ਼ਰਾਬ ਠੇਕੇ ਬੰਦ ਕਰਕੇ ਚਾਬੀਆਂ ਐਕਸਾਈਜ਼ ਵਿਭਾਗ ਨੂੰ ਸੌਂਪ ਕੇ ਸ਼ਰਾਬ ਠੇਕੇ ਬੰਦ ਕਰ ਦੇਣ ਦੀ ਯੋਜਨਾ ਤਿਆਰ ਕਰ ਚੁੱਕੇ ਸ਼ਰਾਬ ਠੇਕੇਦਾਰਾਂ ਨੇ ਸੋਮਵਾਰ ਨੂੰ ਉਮੀਦ ਪ੍ਰਗਟਾਈ ਸੀ ਕਿ ਸ਼ਾਇਦ ਸ਼ਰਾਬ ਠੇਕਿਆਂ ਨੂੰ ਰਾਤ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਵੇਗੀ ਪਰ ਅਜਿਹਾ ਨਹੀਂ ਹੋਇਆ।
ਸੂਬਾ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨਵੀਆਂ ਗਾਈਡਲਾਈਜ਼ ਮੁਤਾਬਕ ਸ਼ਰਾਬ ਠੇਕੇ ਸ਼ਾਮ 6.30 ਵਜੇ ਹੀ ਬੰਦ ਹੋਣਗੇ। ਠੇਕੇਦਾਰ ਸ਼ਰਾਬ ਦੇ ਠੇਕੇ ਜਲਦੀ ਬੰਦ ਕਰਨ ਦਾ ਵਿਰੋਧ ਕਰ ਰਹੇ ਹਨ ਤੇ ਨਾਲ ਹੀ ਕਹਿ ਰਹੇ ਹਨ ਕਿ ਇਨ੍ਹਾਂ ਹੁਕਮਾਂ ਨਾਲ ਉਨ੍ਹਾਂ ਦੀ ਵਿਕਰੀ ‘ਚ 65 ਫੀਸਦੀ ਤੱਕ ਦੀ ਗਿਰਾਵਟ ਆ ਗਈ ਹੈ ਅਤੇ ਸਿਰਫ 35 ਫੀਸਦੀ ਵਿਕਰੀ ਦੇ ਨਾਲ ਇਸ ਕੰਮ ਨੂੰ ਚਾਲੂ ਰੱਖ ਸਕਣ ਵਿੱਚ ਸਰਮੱਥ ਨਹੀਂ ਹਨ। ਠੇਕੇਦਾਰਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਬੁੱਧਵਾਰ ਨੂੰ ਐਕਸਾਈਜ ਦੀ ਜਲੰਧਰ ਰੇਂਜ ਦੇ ਡੀਟੀਸੀ ਜਸਪਿੰਦਰ ਸਿੰਘ ਨਾਲ ਮੁਲਾਕਾਤ ਕਰਨਗੇ ਤੇ ਦੱਸਣਗੇ ਕਿ ਜਲਦੀ ਠੇਕੇ ਬੰਦ ਹੋਣ ਨਾਲ ਉਨ੍ਹਾਂ ਦੀ ਕਮਾਈ ਪ੍ਰਭਾਵਿਤ ਹੋ ਰਹੀ ਹੈ ਜਿਸ ਨਾਲ ਉਹ ਸਰਕਾਰ ਦੀ ਮਹੀਨਾਵਾਰ ਕਿਸ਼ਤ ਦੇਣ ‘ਚ ਸਮਰੱਥ ਨਹੀਂ ਹਨ।
ਸ਼ਰਾਬ ਦੇ ਠੇਕੇਦਾਰਾਂ ਦਾ ਕਹਿਣਾ ਹੈ ਕਿ ਸ਼ਾਮ ਦੇ ਸਮੇਂ ਹੀ ਸ਼ਰਾਬ ਦੀ ਵਿਕਰੀ ਸ਼ੁਰੂ ਹੁੰਦੀ ਹੈ ਤੇ ਉਸੇ ਸਮੇਂ ਸਰਕਾਰ ਨੇ ਸ਼ਰਾਬ ਦੇ ਠੇਕੇ ਬੰਦ ਕਰਨ ਨੂੰ ਕਹਿ ਦਿੱਤਾ ਹੈ। ਸ਼ਰਾਬ ਠੇਕੇਦਾਰ ਸਰਕਾਰ ਨੂੰ ਸਲਾਹ ਵੀ ਦੇ ਰਹੇ ਹਨ ਕਿ ਸਵੇਰੇ ਠੇਕੇ ਖੋਲ੍ਹਣ ਦਾ ਸਮਾਂ ਭਾਵੇਂ ਦੇਰ ਨਾਲ ਕਰ ਦਿੱਤਾ ਜਾਵੇ ਪਰ ਠੇਕੇ ਰਾਤ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ।