Cases registered by the Income Tax : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਪੁੱਤਰ ਰਣਇੰਦਰ ਸਿੰਘ ਖਿਲਾਫ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਪੀਐਸ ਕਲੇਕਾ ਦੀ ਅਦਾਲਤ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਤਿੰਨ ਮਾਮਲੇ ਦਾਇਰ ਕੀਤੇ ਗਏ ਹਨ। ਇਸ ਦੇ ਨਾਲ ਹੀ ਹੁਣ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ) ਵੱਲੋਂ ਫਾਈਲਾਂ ਦਾ ਨਿਰੀਖਣ ਕਰਨ ਲਈ ਤਿੰਨ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਇਸ ਦੇ ਚੱਲਦਿਆਂ ਮੁੱਖ ਮੰਤਰੀ ਤੇ ਉਨ੍ਹਾਂ ਦੇ ਬੇਟੇ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।
ਈਡੀ ਨੇ ਆਪਣੇ ਵਿਸ਼ੇਸ਼ ਸਰਕਾਰੀ ਵਕੀਲ ਲੋਕੇਸ਼ ਨਾਰੰਗ ਰਾਹੀਂ ਦਾਇਰ ਪਟੀਸ਼ਨਾਂ ਵਿੱਚ ਇਨਕਮ ਟੈਕਸ ਵਿਭਾਗ ਵੱਲੋਂ ਪੇਸ਼ ਨਵੇਂ ਦਸਤਾਵੇਜ਼ਾਂ ਦਾ ਨਿਰੀਖਣ ਕਰਨ ਦੀ ਇਜਾਜ਼ਤ ਮੰਗੀ ਹੈ। ਈਡੀ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਅਧੀਨ ਜਾਂਚ ਨੂੰ ਅੱਗੇ ਵਧਾਉਣ ਲਈ ਦਸਤਾਵੇਜ਼ਾਂ ਦੀ ਪੜਤਾਲ ਕਰਨਾ ਚਾਹੁੰਦਾ ਹੈ। ਸੀਐਮ ਦੇ ਮਾਮਲੇ ਵਿੱਚ ਅਗਲੀ ਸੁਣਵਾਈ 9 ਅਤੇ ਰਣਇੰਦਰ ਦੇ ਮਾਮਲੇ ਦੀ ਸੁਣਵਾਈ 10 ਸਤੰਬਰ ਨੂੰ ਹੈ। ਹਾਲਾਂਕਿ, ਅਦਾਲਤਾਂ ਬੰਦ ਹੋਣ ਕਾਰਨ ਇਨ੍ਹਾਂ ਕੇਸਾਂ ’ਤੇ ਕੋਈ ਸੁਣਵਾਈ ਨਹੀਂ ਹੋ ਰਹੀ।
ਦੱਸਣਯੋਗ ਹੈ ਕਿ ਇਨਕਮ ਟੈਕਸ ਵਿਭਾਗ ਵੱਲੋਂ ਦਾਇਰ ਸਾਰੇ ਮਾਮਲਿਆਂ ਵਿੱਚ ਬੀਤੇ ਸਾਲ 28 ਜੁਲਾਈ ਨੂੰ ਗਵਾਈ ਪੂਰੀ ਕਰਵਾਈ ਗਈ ਸੀ। ਇਸ ਤੋਂ ਬਾਅਦ ਚੀਫ ਜਿਊਡੀਸ਼ੀਅਲ ਮੈਜਿਸਟ੍ਰੇਟ ਪ੍ਰਭਜੋਤ ਸਿੰਘ ਕਲੇਕਾ ਦੀ ਅਦਾਲਤ ਨੇ ਇਨਕਮ ਟੈਕਸ ਵਿਭਾਗ ਵੱਲੋਂ ਬਹਿ, ਸੁਣਨ ਲਈ 13 ਅਗਸਤ ਨੂੰ ਤੈਅ ਕੀਤਾ, ਪਰ ਹੁਣ ਤੱਕ ਵਿਭਾਗ ਵੱਲੋਂ ਬਹਿਸ ਨਹੀਂ ਹੋ ਸਕੀ। ਇਨਕਮ ਟੈਕਸ ਤੋਂ ਜਾਣਕਾਰੀ ਲੁਕਾਉਣ ਤੇ ਸ਼ਿਕਾਇਤਾਂ ਕਾਰਨ ਮੁੱਖ ਮੰਤਰੀ ਤੇ ਉਨ੍ਹਾਂ ਦੇ ਪੁੱਤਰ ਨੂੰ ਤਲਬ ਕਰ ਲਿਆ ਸੀ, ਪਰ ਵਧੀਕ ਸੈਸ਼ਨ ਜੱਜ ਰਾਜੀਵ ਕੁਮਾਰ ਬੇਰੀ ਨੇ ਇਨ੍ਹਾਂ ਹੁਕਮਾਂ ਨੂੰ ਰੱਦ ਕਰਦੇ ਹੋਏ ਦੁਬਾਰਾ ਹੇਠਲੀ ਅਦਾਲਤ ਵਿੱਚ ਭੇਜ ਦਿੱਤਾ। ਰਾਜੀਵ ਕੁਮਾਰ ਬੇਰੀ ਦੀ ਅਦਾਲਤ ਨੇ ਫੈਸਲੇ ਵਿੱਚ ਕਿਹਾ ਸੀ ਕਿ ਹੇਠਲੀ ਅਦਾਲਤ ਵਿੱਚ ਮਾਮਲੇ ਨਾਲ ਸੰਬੰਧਤ ਦਸਤਾਵੇਜ਼ ਨਿਯਮਾਂ ਮੁਤਾਬਕ ਅਟੈਸਟੇਡ ਨਹੀਂ ਹੋਏ ਅਤੇ ਕਮੀਆਂ ਦੇ ਚੱਲਦੇ ਵੀ ਤਲਬ ਕਰ ਲਿਆ, ਜੋਕਿ ਗਲਤ ਸੀ। ਇਸ ਦੇ ਚੱਲਦਿਆਂ ਬੀਤੇ ਸਾਲ ਇਨਕਮ ਟੈਕਸ ਵਿਭਾਗ ਨੇ ਅਧਿਕਾਰੀਆਂ ਦੀ ਗਵਾਹੀ ਵਿੱਚ ਨਵੇਂ ਦਸਤਾਵੇਜ਼ ਪੇਸ਼ ਕੀਤੇ ਸਨ।