Unidentified thieves looted : ਜਿਲ੍ਹਾ ਨਵਾਂਸ਼ਹਿਰ ਵਿਖੇ ਕੁਝ ਅਣਪਛਾਤੇ ਚੋਰਾਂ ਵੱਲੋਂ ਮਾਈਨਿੰਗ ਕਰਨ ਵਾਲੇ ਠੇਕੇਦਾਰਾਂ ਤੋਂ 27.50 ਲੱਖ ਰੁਪਏ ਠੱਗਣ ਦੀ ਖਬਰ ਮਿਲੀ ਹੈ। ਘਟਨਾ ਬਾਰੇ ਜਾਣਕਾਰੀ ਦਿੰਦਿਆਂ ਠੇਕੇਦਾਰ ਪੰਕਜ ਕੁਮਾਰ ਵਾਸੀ ਪਿੰਡ ਡੱਲੇਵਾਲ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਕੋਠੀ ਵਿੱਚ ਹੀ ਆਪਣਾ ਦਫਤਰ ਚਲਾ ਰਹੇ ਸਨ ਤੇ ਜਦੋਂ ਉਹ ਸੌਂ ਰਹੇ ਸਨ ਤਾਂ ਚੋਰਾਂ ਨੇ ਕਮਰੇ ਨੂੰ ਬਾਹਰੋਂ ਬੰਦ ਕਰ ਦਿੱਤਾ ਤੇ ਘਟਨਾ ਨੂੰ ਅੰਜਾਮ ਦਿੱਤਾ। ਠੇਕੇਦਾਰ ਨੇ ਦੱਸਿਆ ਕਿ ਉਹ ਲੁਧਿਆਣਾ ਵਿੱਚ ਉਹ ਖੱਡ ਮਾਈਨਿੰਗ ਦਾ ਕੰਮ ਕਰਦਾ ਹੈ ਤੇ ਉਸ ਕੋਲ ਮਾਈਨਿੰਗ ਦੇ ਲਗਭਗ 27.50 ਲੱਖ ਰੁਪਏ ਪਏ ਸਨ, ਜੋ ਉਸ ਨੇ ਨਵਾਂਸ਼ਹਿਰ ਵਿਖੇ ਫ੍ਰੈਂਡਸ ਕਾਲੋਨੀ ਸਥਿਤ ਆਪਣੀ ਕੋਠੀ ਦੀ ਅਲਮਾਰੀ ਵਿੱਚ ਰੱਖੇ ਸਨ। ਠੇਕੇਦਾਰ ਨੇ ਦੱਸਿਆ ਕਿ ਉਹ ਕੋਠੀ ਨੂੰ ਹੀ ਦਫਤਰ ਬਣਾਇਆ ਹੋਇਆ ਹੈ।
31 ਅਗਸਤ ਨੂੰ ਠੇਕੇਦਾਰ ਲਗਭਗ 9 ਵਜੇ ਦਫਤਰ ਵਿੱਚੋਂ ਨਿਕਲ ਕੇ ਆਪਣੇ ਘਰ ਸੌਣ ਚਲਾ ਗਿਆ ਤੇ ਹੁਣ ਦਫਤਰ ਵਿੱਚ 7 ਮੁਲਾਜ਼ਮ ਅਤੇ ਕੈਸ਼ੀਅਰ ਲਛਮੀ ਨਾਰਾਇਣ ਮੌਜੂਦ ਸਨ ਤੇ ਅਗਲੀ ਸਵੇਰ ਜਦੋਂ ਉਹ ਉਠਿਆ ਤਾਂ ਉਸ ਨੂੰ ਕੈਸ਼ੀਅਰ ਦਾ ਫੋਨ ਆਇਆ ਜਿਸ ਨੇ ਦੱਸਿਆ ਕਿ ਕੁਝ ਅਣਪਛਾਤੇ ਚੋਰ ਦੂਜੀ ਮੰਜ਼ਿਲ ‘ਚ ਸੌਂ ਰਹੇ ਵਰਕਰਾਂ ਨੂੰ ਕਮਰੇ ਵਿੱਚ ਬੰਦ ਕਰਕੇ ਅਲਮਾਰੀ ਵਿੱਚੋਂ 27.50 ਲੱਖ ਲੁੱਟ ਕੇ ਫਰਾਰ ਹੋ ਗਏ ਹਨ। ਪੂਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਨਿਊ ਟੀਚਰ ਕਾਲੋਨੀ ਵਿਖੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਜਿਥੇ ਇੱਕ ਅਣਪਛਾਤਾ ਚੋਰ ਦਿਨ ਦਿਹਾੜੇ ਸੋਨੇ-ਚਾਂਦੀ ਦੇ ਗਹਿਣੇ ਤੇ ਲੱਖਾਂ ਰੁਪਏ ਦੀ ਨਕਦੀ ਲੈਕੇ ਫਰਾਰ ਹੋ ਗਿਆ ਸੀ ਉਸ ਸਮੇਂ ਘਰ ਦੇ ਸਾਰੇ ਪਰਿਵਾਰਕ ਮੈਂਬਰ ਕਿਸੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਘਰ ਤੋਂ ਬਾਹਰ ਗਏ ਹੋਏ ਸਨ। ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਲੁੱਟ-ਖੋਹ ਦੀਆਂ ਘਟਨਾਵਾਂ ਬਹੁਤ ਵੱਧ ਗਈਆਂ ਹਨ, ਜੋ ਕਿ ਚਿੰਤਾ ਦਾ ਵਿਸ਼ਾ ਹੈ ਤੇ ਪੁਲਿਸ ਨੂੰ ਇਸ ਵੱਲ ਸਾਵਧਾਨ ਰਹਿਣ ਦੀ ਲੋੜ ਹੈ।