Case of poisonous : ਜਲੰਧਰ : ਪੰਜਾਬ ‘ਚ ਨਕਲੀ ਸ਼ਰਾਬ ਦਾ ਮਾਮਲਾ ਕਾਫੀ ਗਰਮਾਇਆ ਹੋਇਆ ਹੈ। ਇਸ ਨਾਲ ਸੂਬੇ ਵਿੱਚ 100 ਤੋਂ ਵੱਧ ਮੌਤਾਂ ਹੋਈਆਂ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਸਖਦ ਕਦਮ ਚੁੱਕੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਸ਼ਰਾਬ ਮਾਫੀਆ ‘ਤੇ ਸਖਤੀ ਕਰਨ ਦੇ ਮੂਡ ‘ਚ ਦਿਖਾਈ ਦਿੰਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੇ ਜਲੰਧਰ ਦਫਤਰ ਨੇ 5 ਜ਼ਿਲ੍ਹਿਆਂ (ਪਟਿਆਲਾ, ਲੁਧਿਆਣਾ, ਤਰਨਤਾਰਨ, ਮੋਹਾਲੀ, ਅੰਮ੍ਰਿਤਸਰ ਤੇ ਪੁਲਿਸ ਜਿਲ੍ਹਾ ਖੰਨਾ ਤੇ ਬਟਾਲਾ) ਦੇ ਐੱਸ. ਐੱਸ. ਪੀ. ਨੂੰ ਕਾਨੂੰਨੀ ਪੱਤਰ ਭੇਜਿਆ ਹੈ।
ਈਡੀ ਨੇ ਸਬੰਧਤ ਜਿਲ੍ਹਿਆਂ ਦੇ ਐੱਸ. ਐੱਸ. ਪੀ. ਨੂੰ ਆਉਣ ਵਲੇ 7 ਦਿਨਾਂ ‘ਚ ਉਨ੍ਹਾਂ ਦੇ ਜਿਲ੍ਹੇ ‘ਚ ਚੱਲ ਰਹੀਆਂ ਨਕਲੀ ਸ਼ਰਾਬ ਫੈਕਟਰੀਆਂ, ਸਪਿਰਟ ਦੀ ਸਪਲਾਈ ਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਰਿਪੋਰਟ ਮੰਗੀ ਹੈ। 14 ਮਈ ਨੂੰ ਜਿਲ੍ਹਾ ਪਟਿਆਲਾ ਦੇ ਘੜੀਆਂ ਪਿੰਡ ਵਿੱਚ ਨਕਲੀ ਸ਼ਰਾਬ ਦੀ ਫੈਕਟਰੀ ਫੜੇ ਜਾਣ ਤੋਂ ਬਾਅਦ ਈਡੀ ਇਸ ਸਬੰਧ ‘ਚ ਸਰਗਰਮ ਹੋ ਗਈ ਸੀ। 9 ਜੂਨ ਨੂੰ ਈਡੀ ਨੇ ਸਬੰਧਤ ਜਿਲ੍ਹਿਆਂ ਦੇ ਐੱਸ. ਐੱਸ. ਪੀ. ਨੂੰ ਈ-ਮੇਲ ਭੇਜ ਕੇ ਨਕਲੀ ਸ਼ਰਾਬ ਫੈਕਟਰੀਆਂ ਸਪਰਿਟ ਦੀ ਸਪਲਾਈ ਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਦੇ ਸਬੰਧ ਵਿੱਚ ਰਿਕਾਰਡ ਮੰਗਿਆ ਸੀ।
ਈਡੀ ਦੇ ਡਿਪਟੀ ਡਾਇਰੈਕਟਰ ਨਿਰੰਜਣ ਸਿੰਘ ਖੁਦ ਪਟਿਆਲਾ ਗਏ ਸਨ। ਹਾਲਾਂਕਿ ਈਡੀ ਨੇ ਜੋ ਦਸਤਾਵੇਜ਼ ਮੁਹੱਈਆ ਕਰਵਾਉਣ ਨੂੰ ਕਿਹਾ ਸੀ, ਉਹ ਨਹੀਂ ਕਰਵਾਏ ਗਏ। ਈਡੀ ਨੇ ਸਬੰਧਤ ਜਿਲ੍ਹਿਆਂ ਦੇ ਪੁਲਿਸ ਅਧਿਕਾਰੀਆਂ ਨੂੰ ਇਨਫੋਰਸਮੈਂਟ ਕੇਸ ਇਨਫਰਮੇਸ਼ਨ (ਈ. ਸੀ. ਆਈ. ਆਰ.) ਤਹਿਤ ਜਾਣਕਾਰੀ ਦੇਣ ਨੂੰ ਕਿਹਾ ਹੈ। ਈਡੀ ਨੇ ਇਨ੍ਹਾਂ ਜਿਲ੍ਹਿਆਂ ‘ਚ ਦਰਜ ਨਾਜਾਇਜ਼ ਸ਼ਰਾਬ ਨਾਲ ਸਬੰਧਤ 13 ਐੱਫ. ਆਈ. ਆਰ. ਨੂੰ ਆਪਣੀ ਜਾਂਚ ਵਿੱਚ ਸ਼ਾਮਲ ਕੀਤਾ ਹੈ ਤਾਂ ਜੋ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇ।