Punjab Government has : ਜਲੰਧਰ : ਏਡਿਡ ਕਾਲਜ ਨੂੰ ਸੂਬਾ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗ੍ਰਾਂਟ ਜਾਰੀ ਨਹੀਂ ਹੋਈ ਹੈ। ਦੂਜੇ ਪਾਸੇ ਇਨ੍ਹਾਂ ਵਿੱਚ ਪੜ੍ਹਾਉਣ ਵਾਲੇ ਪ੍ਰੋਫੈਸਰਾਂ ਨੂੰ ਚਾਰ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਹੈ। ਪ੍ਰੋਫੈਸਰ ਤਨਖਾਹ ਆਉਣ ਦੀ ਆਸ ਲਗਾ ਕੇ ਬੈਠੇ ਹੋਏ ਹਨ ਪਰ ਸਰਕਾਰ ਨੇ ਹੁਣ ਤਕ ਇਸ ਨੂੰ ਜਾਰੀ ਨਹੀਂ ਕੀਤਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਲਗਭਗ 40 ਕਰੋੜ ਰੁਪਏ ਦੀ ਗ੍ਰਾਂਟ ਰੋਕੀ ਹੋਈ ਹੈ। ਪ੍ਰੋਫੈਸਰਾਂ ਦਾ ਕਹਿਣਾ ਹੈ ਕਿ ਕੋਰੋਨਾ ਕਾਰਨ ਕਾਲਜ ਬੰਦ ਹਨ ਫਿਰ ਵੀ ਉਹ ਵਿਦਿਆਰਥੀਆਂ ਦੀਆਂ ਸਵੇਰੇ-ਸ਼ਾਮ ਕਲਾਸਾਂ ਲੈ ਰਹੇ ਹਨ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਲਦ ਤਨਖਾਹ ਜਾਰੀ ਕਰੇ। ਤਨਖਾਹ ਨਾ ਆਉਣ ਨਾਲ ਘਰ ਦਾ ਖਰਚਾ ਚਲਾਉਣਾ ਮੁਸ਼ਕਲ ਹੋ ਰਿਹਾ ਹੈ। ਬੈਂਕ ਕਿਸ਼ਤਾਂ, ਘਰ ਦਾ ਖਰਚਾ, ਤਨਖਾਹ ਨਾਲ ਹੀ ਚੱਲਦਾ ਹੈ।
ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਡੀ. ਪੀ. ਆਈ. ਕਾਲਜਿਸ ਨੂੰ ਤਨਖਾਹ ਜਲਦ ਰਿਲੀਜ਼ ਕਰਨ ਸਬੰਧੀ ਚਿੱਠੀ ਲਿਖ ਚੁੱਕੇ ਹਨ। ਜਲੰਧਰ ਦੀ ਗੱਲ ਕੀਤੀ ਜਾਵੇ ਤਾਂ 30 ਦੇ ਲਗਭਗ ਏਡਿਡ ਕਾਲਜ ਹਨ। ਇਨ੍ਹਾਂ ਵਿਚ 1000 ਤੋਂ ਵਧ ਅਧਿਆਪਕ ਪੜ੍ਹਾ ਰਹੇ ਹਨ। 75 ਕਰੋੜ ਦੇ ਲਗਭਗ ਸਾਰੇ ਕਾਲਜਾਂ ਦੇ ਪ੍ਰੋਫੈਸਰਾਂ ਦੀ ਤਨਖਾਹ ਬਣਦੀ ਹੈ। 40 ਕਰੋੜ ਦੇ ਲਗਭਗ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਗ੍ਰਾਂਟ ਰੁਕੀ ਪਈ ਹੈ। ਸਮੱਸਿਆ ਦੱਸਦੇ ਹੋਏ ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਦੱਸਿਆ ਕਿ 4 ਮਹੀਨੇ ਤੋਂ ਕਾਲਜਾਂ ਦੇ ਪ੍ਰੋਫੈਸਰਾਂ ਨੂੰ ਤਨਖਾਹ ਨਹੀਂ ਮਿਲੀ ਹੈ। ਸਰਕਾਰ ਤੇ ਡੀ. ਪੀ. ਆਈ. ਕਾਲਜਿਸ ਨੂੰ ਲਿਖ ਚੁੱਕੇ ਹਨ।
ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਜਲਦੀ ਹੀ ਅਧਿਆਪਕਾਂ ਦੀ ਤਨਖਾਹ ਦੇ ਦਿੱਤੀ ਜਾਵੇਗੀ। ਡੀ. ਏ. ਵੀ. ਦੇ ਪ੍ਰਿੰਸੀਪਲ ਡਾ. ਐੱਸ. ਕੇ. ਅਰੋੜਾ ਨੇ ਕਿਹਾ ਕਿ ਕਾਲਜ ਵੱਲੋਂ ਆਨਲਾਈਨ ਕਲਾਸਿਸ ਸ਼ੁਰੂ ਹੋ ਚੁੱਕੀ ਹੈ। ਪ੍ਰੋਫੈਸਰ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ ਅਤੇ ਆਨਲਾਈਨ ਮਟੀਰੀਅਲ ਵੀ ਉਪਲਬਧ ਕਰਵਾ ਰਹੇ ਹਨ। ਕਾਲਜ ਮੈਨੇਜਮੈਂਟ ਪ੍ਰੋਫੈਸਰਾਂ ਨੂੰ ਵਿੱਤੀ ਸਹਾਇਤਾ ਕਰ ਰਹੀ ਹੈ ਤਾਂ ਕਿ ਘਰ ਗੁਜ਼ਾਰਾ ਚੱਲ ਸਕੇ।