2000 kg of counterfeit : ਸੁਲਤਾਨਪੁਰ ਲੋਧੀ : ਪੰਜਾਬ ਪੁਲਿਸ ਵੱਲੋਂ ਅੱਜ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪੁਲਿਸ ਸਟੇਸ਼ਨ ਤੇ ਐਕਸਾਈਜ਼ ਵਿਭਾਗ ਵੱਲੋਂ ਬਿਆਸ ਦਰਿਆ ਦੇ ਟਾਪੂ ਨੇੜਿਓਂ 2000 ਕਿਲੋਗ੍ਰਾਮ ਲਾਹਣ ਤੇ ਸ਼ਰਾਬ ਬਣਾਉਣ ਲਈ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਬੇ ਵਿੱਚ ਕਾਫੀ ਦੇਰ ਤੋਂ ਨਕਲੀ ਸ਼ਰਾਬ ਬਣਾਉਣ ਵਾਲਿਆਂ ਖਿਲਾਫ ਸਰਚ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤਹਿਤ ਪੁਲਿਸ ਵੱਲੋਂ ਥਾਂ-ਥਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦੋਂ ਪੁਲਿਸ ਨੂੰ ਕੋਈ ਗੁਪਤ ਸੂਚਨਾ ਮਿਲਦੀ ਹੈ ਤਾਂ ਉਥੇ ਛਾਪੇਮਾਰੀ ਕੀਤੀ ਜਾਂਦੀ ਹੈ ਤੇ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ SHO ਕ੍ਰਿਪਾਲ ਸਿੰਘ ਨੇ ਦੱਸਿਆ ਕਿ ਅੱਜ ਉਨ੍ਹਾਂ ਨੂੰ ਲਗਭਗ ਜਿੰਨਾ ਸਾਮਾਨ ਉਥੋਂ ਬਰਾਮਦ ਹੋਇਆ ਹੈ ਉਸ ਤੋਂ 6500 ਦੇ ਲਗਭਗ ਸ਼ਰਾਬ ਦੀਆਂ ਬੋਤਲਾਂ ਤਿਆਰ ਹੋ ਸਕਦੀਆਂ ਸਨ। ਉਨ੍ਹਾਂ ਦੱਸਿਆ ਕਿ ਜਿੰਨੀਆਂ ਸ਼ਰਾਬ ਦੀਆਂ ਬੋਤਲਾਂ ਬਰਾਮਦ ਹੋਈਆਂ ਹਨ ਉਹ ਹਲਕਾ ਸੁਲਤਾਨਪੁਰ ਲੋਧੀ ਦੇ ਸਰਕਲ ਦੇ ਠੇਕਿਆਂ ਦੀ ਸੇਲ ਦੇ ਬਰਾਬਰ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਹੈ ਪਰ ਜਲਦੀ ਹੀ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁੱਖ ਮੁਲਜ਼ਮ ਖਿਲਾਫ ਪਹਿਲਾਂ ਤੋਂ ਹੀ ਬਹੁਤ ਸਾਰੇ ਕੇਸ ਦਰਜ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਕਾਰਨ 100 ਤੋਂ ਵੀ ਵੱਧ ਮੌਤਾਂ ਹੋਈਆਂ ਸਨ ਤੇ ਸਰਕਾਰ ਨੂੰ ਮਾਲੀਆ ਨੁਕਸਾਨ ਵੀ ਬਹੁਤ ਹੋਇਆ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਜੇਕਰ ਇਹ ਲਾਹਣ ਤੇ ਨਕਲੀ ਸ਼ਰਾਬ ਨਾ ਫੜੀ ਜਾਂਦੀ ਤਾਂ ਸੂਬਾ ਸਰਕਾਰ ਨੂੰ ਕਾਫੀ ਵੱਡੀ ਮਾਤਰਾ ‘ਚ ਵਿੱਤੀ ਘਾਟਾ ਪੈਣਾ ਸੀ। ਪੰਜਾਬ ਪੁਲਿਸ ਨੂੰ ਇਸ ਮਾਮਲੇ ਵਿੱਚ ਇੰਨੀ ਵੱਡੀ ਸਫਲਤਾ ਮਿਲਣਾ ਸੱਚਮੁੱਚ ਸ਼ਲਾਘਾਯੋਗ ਹੈ।