Case of dismissal : ਐੱਫ. ਆਈ. ਆਰ. ਦਰਜ ਹੋਣ ਕਾਰਨ ਇਕ ਸਿਪਾਹੀ ਨੂੰ SSP ਵੱਲੋਂ ਬਰਖਾਸਤ ਕਰਨਾ ਪੰਜਾਬ ਪੁਲਿਸ ਦੇ ਸਾਰੇ ਅਫਸਰਾਂ ਨੂੰ ਭਾਰੀ ਪਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਉਨ੍ਹਾਂ ਸਾਰੇ ਅਫਸਰਾਂ ਦੀ ਸੂਚੀ ਦੇਣ ਨੂੰ ਕਿਹਾ ਹੈ ਜਿਨ੍ਹਾਂ ਖਿਲਾਫ ਐੱਫ. ਆਈ. ਆਰ. ਦਰਜ ਹੈ। ਪੰਜਾਬ ਪੁਲਿਸ ਦੇ ਬਰਖਾਸਤ ਜਵਾਨ ਸੁਰਜੀਤ ਸਿੰਘ ਨੇ ਹਾਈਕੋਰਟ ਵਿੱਚ ਪਟੀਸ਼ਨ ਦਰਜ ਕਰਵਾਈ ਹੈ ਤੇ ਦੱਸਿਆ ਕਿ ਉਸ ‘ਤੇ ਇਕ ਐੱਫ. ਆਈ. ਆਰ. ਦਰਜ ਸੀ।
FIR ਦਰਜ ਹੋਣ ਤੋਂ ਬਾਅਦ ਇੰਸਪੈਕਟਰ ਜਨਰਲ ਆਫ ਪੁਲਿਸ ਨੇ ਉਸ ਨੂੰ ਸੇਵਾ ਵਿੱਚ ਰੱਖਣ ਦੇ ਹੁਕਮ ਜਾਰੀ ਕੀਤੇ ਸਨ ਪਰ ਐੱਸ. ਐੱਸ. ਪੀ. ਨੇ ਉਸ ਹੁਕਮ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਬਰਖਾਸਤ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਪਟੀਸ਼ਨਕਰਤਾ ਨੇ ਕਿਹਾ ਕਿ ਸਿਰਫ ਅਪਰਾਧਕ ਮਾਮਲਾ ਦਰਜ ਹੋਣ ਕਾਰਨ ਬਰਖਾਸਤ ਕੀਤਾ ਜਾਣਾ ਬਿਲਕੁਲ ਗਲਤ ਹੈ।
ਪਟੀਸ਼ਨਕਰਤਾ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਕਈ ਅਜਿਹੇ ਅਧਿਕਾਰੀ ਹਨ ਜਿਨ੍ਹਾਂ ‘ਤੇ ਐੱਫ. ਆਈ. ਆਰ. ਦਰਜ ਹਨ, ਪਰ ਇਸ ਦੇ ਬਾਵਜੂਦ ਉਹ ਡਿਊਟੀ ‘ਤੇ ਤਾਇਨਾਤ ਹਨ। ਅਜਿਹੇ ਵਿੱਚ ਪੰਜਾਬ ਪੁਲਿਸ ਦੇ ਅਫਸਰਾਂ ਤੇ ਜਵਾਨਾਂ ‘ਚ ਭੇਦਭਾਵ ਕੀਤਾ ਜਾਣਾ ਗਲਤ ਹਨ। ਹਾਈਕੋਰਟ ਨੇ ਪਟੀਸ਼ਨ ‘ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਹੈ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਦੀ ਗੱਲ ਸਹੀ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਅਗਲੀ ਸੁਣਵਾਈ ‘ਤੇ ਇਹ ਦੱਸੇ ਕਿ ਪੰਜਾਬ ਪੁਲਿਸ ਦੇ ਕਿੰਨੇ ਅਫਸਰਾਂ ‘ਤੇ ਐੱਫ. ਆਈ. ਆਰ. ਦਰਜ ਹਨ ਤੇ ਜਿਹੜੇ ਅਫਸਰਾਂ ‘ਤੇ FIR ਦਰਜ ਹੈ, ਉਹ ਕਿਸ ਅਹੁਦੇ ‘ਤੇ ਮੌਜੂਦ ਹਨ ਅਤੇ ਨਾਲ ਹੀ ਉਹ ਮੌਜੂਦਾ ਸਮੇਂ ਕਿਥੇ ਤਾਇਨਾਤ ਹਨ।