Punjab awaits green : ਪੰਜਾਬ ਵਿੱਚ ਇੰਟਰਸਟੇਟ ਬੱਸ ਸੰਚਾਲਨ ਹੁਣ ਦਿੱਲੀ ਸਰਕਾਰ ਦੀ ਇਜਾਜ਼ਤ ‘ਤੇ ਹੀ ਨਿਰਭਰ ਕਰੇਗਾ। ਕੇਂਦਰ ਸਰਕਾਰ ਵੱਲੋਂ ਅਨਲਾਕਿੰਗ-4 ਦੀ ਪ੍ਰਕਿਰਿਆ ਦੌਰਾਨ ਇੰਟਰਸਟੇਟ ਮੂਵਮੈਂਟ ਨੂੰ ਰਾਹਤ ਦਿੱਤੀ ਗਈ ਹੈ। ਪੰਜਾਬ ਰੋਡਵੇਜ਼ ਵੱਲੋਂ ਹੁਣ ਤਕ ਵੀ ਇੰਟਰ ਸਟੇਟ ਬੱਸ ਸੰਚਾਲਨ ਨੂੰ ਹਰੀ ਝੰਡੀ ਨਹੀਂ ਦਿਖਾਈ ਗਈ ਹੈ। ਪੰਜਾਬ ਰੋਡਵੇਜ਼ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਰੋਡਵੇਜ਼ ਵੱਲੋਂ ਚਲਾਏ ਜਾਣ ਵਾਲੇ ਇੰਟਰ ਸਟੇਟ ਬੱਸ ਰੂਟਾਂ ‘ਚ ਸਭ ਤੋਂ ਵੱਧ ਮੁਨਾਫਾ ਦਿੱਲੀ ਵਾਲੇ ਰੂਟ ‘ਤੇ ਹੀ ਮਿਲਦਾ ਹੈ। ਇਸ ਵਜ੍ਹਾ ਨਾਲ 5 ਮਹੀਨਿਆਂ ਬਾਅਦ ਇੰਟਰ ਸਟੇਟ ਬੱਸ ਸੇਵਾ ਸ਼ੁਰੂ ਕਰਨ ਲਈ ਪੰਜਾਬ ਰੋਡਵੇਜ਼ ਪਹਿਲਾਂ ਦਿੱਲੀ ਦੇ ਰੂਟ ਸ਼ੁਰੂ ਕਰਨਾ ਚਾਹੁੰਦੀ ਹੈ।
ਦਿੱਲੀ ਰੂਟ ‘ਤੇ ਹੀ ਪੰਜਾਬ ਤੋਂ ਸਭ ਤੋਂ ਵੱਧ ਯਾਤਰੀ ਮਿਲਦੇ ਹਨ ਅਤੇ ਰੋਡਵੇਜ਼ ਨੂੰ ਰੋਜ਼ਾਨਾ ਕਿਲੋਮੀਟਰ ਕਮਾਈ ਵੀ ਸਭ ਤੋਂ ਵੱਧ ਹੁੰਦੀ ਹੈ। ਦਿੱਲੀ ਇੱਕ ਸਿੱਧਾ ਹਾਈਵੇ ਹੈ ਅਤੇ ਇਸ ਉਪਰ ਬੱਸ ਸੰਚਾਲਨ ‘ਚ ਵੀ ਕੋਈ ਭਾਰੀ ਪ੍ਰੇਸ਼ਾਨੀ ਨਹੀਂ ਆਉਂਦੀ ਹੈ ਕਿਉਂਕਿ ਲੌਂਗ ਰੂਟ ‘ਤੇ ਚੱਲਣ ਨਾਲ ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਪ੍ਰਤੀ ਲੀਟਰ ਡੀਜ਼ਲ ‘ਤੇ ਤੈਅ ਕੀਤੇ ਜਾਣ ਵਾਲੇ ਕਿਲੋਮੀਟਰ ਦੀ ਔਸਤ ਵੀ ਜ਼ਿਆਦਾ ਮਿਲਦਾ ਹੈ। ਪੰਜਾਬ ਰੋਡਵੇਜ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ 18 ਡਿਪੂ ਹਨ ਅਤੇ ਲਗਭਗ ਹਰੇਕ ਡਿਪੂ ਤੋਂ ਹੀ ਦਿੱਲੀ ਲਈ 24 ਘੰਟਿਆਂ ‘ਚ ਵੱਖ-ਵੱਖ ਟਾਈਮ ‘ਤੇ ਬੱਸਾਂ ਚਲਾਈਆਂ ਜਾਂਦੀਆਂ ਹਨ।
5 ਮਹੀਨਿਆਂ ਤੋਂ ਪੂਰੀ ਸਮਰੱਥਾ ਨਾਲ ਬੱਸ ਸੰਚਾਲਨ ਨਾ ਕਰ ਸਕਣ ਕਾਰਨ ਪੰਜਾਬ ਰੋਡਵੇਜ਼ ਭਾਰੀ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਵਜ੍ਹਾ ਇਹ ਹੈ ਕਿ ਲੋਕਾਂ ਦੀ ਸਹੂਲਤ ਦੇ ਮੱਦੇਨਜ਼ਰ ਪੰਜਾਬ ਰੋਡਵੇਜ਼ ਨੂੰ ਬਹੁਤ ਘੱਟ ਯਾਤਰੀਆਂ ਨਾਲ ਬੱਸਾਂ ਦਾ ਸੰਚਾਲਨ ਕਰਨਾ ਪਿਆ ਹੈ। ਇਸੇ ਲਈ ਹੁਣ ਪੰਜਾਬ ਰੋਡਵੇਜ਼ ਦੀ ਕੋਸ਼ਿਸ਼ ਹੈ ਕਿ ਇੰਟਰਸਟੇਟ ਬੱਸ ਸੰਚਾਲਨ ਉਦੋਂ ਹੀ ਸ਼ੁਰੂ ਕੀਤਾ ਜਾਵੇ ਜਦੋਂ ਦਿੱਲੀ ਵਰਗੇ ਮੁਨਾਫੇ ਵਾਲੇ ਰੂਟ ‘ਤੇ ਬੱਸਾਂ ਭੇਜਣੀਆਂ ਸੰਭਵ ਹੋ ਸਕਣ।