MP Sunny Deol : ਗੁਰਦਾਸਪੁਰ ਤੋਂ ਬੀਜੇਪੀ ਦੇ ਸੰਸਦ ਮੈਂਬਰ ਸੰਨੀ ਦਿਓਲ ਅੱਜ ਪਠਾਨਕੋਟ ਪਹੁੰਚੇ। ਉਨ੍ਹਾਂ ਨੇ ਡੀ. ਸੀ. ਮੁਹੰਮਦ ਇਸ਼ਫਾਕ ਤੇ ਐੱਸ. ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨਾਲ ਖੇਤਰ ਦੇ ਵਿਕਾਸ ਕੰਮਾਂ ਤੇ ਕੋਰੋਨਾ ਨੂੰ ਲੈ ਕੇ ਬੈਠਕ ਕੀਤੀ। ਸੰਸਦ ਮੈਂਬਰ ਨੇ ਕੇਂਦਰ ਸਰਕਾਰ ਵੱਲੋਂ ਤਿਆਰ ਯੋਜਨਾਵਾਂ ਵਿੱਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਵਿਕਾਸ ਕੰਮਾਂ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਹੀਂ ਹੋਣੀ ਚਾਹੀਦੀ ਹੈ।ਉਨ੍ਹਾਂ ਨੇ ਜਿਲ੍ਹੇ ਵਿੱਚ ਕੋਰੋਨਾ ਦੀ ਸਥਿਤੀ ਦਾ ਜਾਇਜ਼ਾ ਲਿਆ ਤੇ ਕੇਂਦਰ ਸਰਕਾਰ ਦੇ ਪ੍ਰਾਜੈਕਟਾਂ ਤਹਿਤ ਚੱਲ ਰਹੇ ਵਿਕਾਸ ਕੰਮਾਂ ਦਾ ਵੀ ਜਾਇਜ਼ਾ ਲਿਆ। ਉਹ ਸਮੇਂ-ਸਮੇਂ ‘ਤੇ ਕੋਰੋਨਾ ਦੀ ਰੋਕਥਾਮ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਂਦੇ ਰਹੇ ਹਨ।
ਸੰਸਦ ਮੈਂਬਰ ਸੰਨੀ ਦਿਓਲ ਕੋਰੋਨਾ ਕਾਲ ਦੌਰਾਨ ਪਹਿਲੀ ਵਾਰ ਆਪਣੇ ਹਲਕੇ ਵਿੱਚ ਆਏ ਹਨ। ਇਸ ਦੌਰਾਨ ਬੇਰੋਜ਼ਗਾਰ ਨੌਜਵਾਨਾਂ ਨੇ ਸੰਨੀ ਦਿਓਲ ਨੂੰ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਸੰਨੀ ਦਿਓਲ ਵੱਲੋਂ ਨਾ ਮਿਲਣ ‘ਤੇ ਲੋਕ ਨਾਰਾਜ਼ ਦਿਖਾਈ ਦਿੱਤੇ। ਸੰਨੀ ਦਿਓਲ ਦੇ ਨਾ ਮਿਲਣ ‘ਤੇ ਲੋਕਾਂ ਨੇ ਉਨ੍ਹਾਂ ਦੀ ਕੋਠੀ ਦੇ ਬਾਹਰ ਪ੍ਰਦਰਸ਼ਨ ਕੀਤਾ। ਨੌਜਵਾਨਾਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਰੋਜ਼ਗਾਰ ਦੀ ਮੰਗ ਕੀਤੀ। ਉਨ੍ਹਾਂ ਇਲਜ਼ਾਮ ਲਾਇਆ ਕਿ ਸੰਸਦ ਮੈਂਬਰ ਆਮ ਲੋਕਾਂ ਨੂੰ ਨਹੀਂ ਮਿਲ ਰਹੇ। ਬਾਅਦ ਵਿੱਚ ਉਹ ਐੱਸ. ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੂੰ ਮਿਲੇ ਤੇ ਜਿਲ੍ਹੇ ਵਿੱਚ ਸੁਰੱਖਿਆ ਵਿਵਸਥਾ ਅਤੇ ਹੋਰ ਮੁੱਦਿਆਂ ‘ਤੇ ਚਰਚਾ ਕੀਤੀ।
ਸੰਸਦ ਮੈਂਬਰ ਸੰਨੀ ਦਿਓਲ ਪਠਾਨਕੋਟ ਵਿੱਚ ਰੁਕੇ ਹੋਏ ਹਨ। ਸ਼ੁੱਕਰਵਾਰ ਦੀ ਸਵੇਰੇ ਉਹ ਗੁਰਦਾਸਪੁਰ ਦੇ ਉਕਤ ਦੋਵੇਂ ਅਧਿਕਾਰੀਆਂ ਨਾਲ ਬੈਠਕ ਕਰਕੇ ਫਿਰ ਤੋਂ ਵਾਪਸ ਪਰਤ ਗਏ। ਇਸ ਦੌਰਾਨ ਉਨ੍ਹਾਂ ਨੇ ਕਿਸੇ ਵੀ ਪਾਰਟੀ ਵਰਕਰ ਜਾਂ ਨੇਤਾ ਨਾਲ ਮੁਲਾਕਾਤ ਨਹੀਂ ਕੀਤੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਹੁਣ ਆਨਲਾਈਨ ਹਲਕੇ ਦੇ ਪਾਰਟੀ ਅਧਿਕਾਰੀਆਂ ਨਾਲ ਵੱਖ-ਵੱਖ ਬੈਠਕਾਂ ਕਰਨਗੇ।