health worker ram singh daughter: ਚੰਡੀਗੜ੍ਹ/ਬਰਨਾਲਾ: ਸਿਹਤ ਮੰਤਰੀ ਸ.ਬਲਬੀਰ ਸਿੰਘ ਸਿੱਧੂ ਅੱਜ ਬਰਨਾਲਾ ਜ਼ਿਲੇ ਦੇ ਪਿੰਡ ਉਗੋਕੇ ਦੇ ਵਸਨੀਕ ਮਲਟੀ-ਪਰਪਜ਼ ਹੈਲਥ ਵਰਕਰ ਕੋਰੋਨਾ ਯੋਧਾ ਰਾਮ ਸਿੰਘ ਜਿਨ੍ਹਾਂ ਦੀ ਮੌਤ ਕੋਰੋਨਾ ਨਾਲ ਹੋਈ ਸੀ ਦੇ ਘਰ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੀ ਰਿਹਾਇਸ਼ ‘ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ 1 ਲੱਖ ਰੁਪਏ ਐਕਸਗ੍ਰੇਸ਼ੀਆਂ ਗ੍ਰਾਂਟ ਅਤੇ ਉਨਾਂ ਦੀ ਬੇਟੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਕੋਰੋਨਾ ਯੋਧਿਆਂ ਨੂੰ ਦਿੱਤੀ ਜਾਣ ਵਾਲੀ ਵਿਸ਼ੇਸ਼ ਬੀਮਾ ਯੋਜਨਾ ਤਹਿਤ 50 ਲੱਖ ਰੁਪਏ ਵੀ ਦਿੱਤੇ ਜਾਣਗੇ।
ਸ. ਸਿੱਧੂ ਨੇ ਕਿਹਾ ਕਿ ਮਲਟੀਪਰਜ ਹੈਲਥ ਵਰਕਰ ਕੋਰੋਨਾ ਯੋਧਾ ਰਾਮ ਸਿੰਘ ਜੋ ਕਿ ਬਲਾਕ ਤਪਾ ਅਧੀਨ ਪਿੰਡ ਖੁੱਡੀ ਖੁਰਦ ਤੇ ਢਿੱਲਵਾਂ ਵਿੱਚ ਆਪਣੀ ਡਿਊਟੀ ‘ਤੇ ਤਾਇਨਾਤ ਸੀ ਅਤੇ ਮਹਾਂਮਾਰੀ ਦੇ ਇਸ ਦੌਰ ਵਿੱਚ ਆਪਣੀ ਡਿਊਟੀ ਪੂਰੀ ਇਮਾਨਦਾਰੀ, ਮੇਹਨਤ, ਸਿੱਦਤ ਨਾਲ ਨਿਭਾਇਆ। ਉਨਾਂ ਕਿਹਾ ਕਿ ਕੁੱਝ ਲੋਕ ਸੌੜੀ ਰਾਜਨੀਤੀ ਕਰਕੇ ਗੁੰਮਰਾਹ ਕਰਨ ਵਾਲੀਆਂ ਆਡੀਓਜ਼/ਵੀਡੀਓਜ਼ ਸ਼ੇਅਰ ਕਰ ਰਹੇ ਹਨ, ਜਿਸ ਵਿੱਚ ਕਿਹਾ ਜਾਂਦਾ ਹੈ ਕਿ ਕੋਈ ਬਿਮਾਰੀ ਨਹੀਂ ਹੈ, ਕੋਈ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੈ ਜਾਂ ਕਿਹਾ ਜਾਂਦਾ ਹੈ ਕਿ ਸਰੀਰਾਂ ਵਿੱਚੋਂ ਅੰਗ ਕੱਢ ਲਏ ਜਾਂਦੇ ਹਨ, ਪਰ ਇਸ ਤਰਾਂ ਦਾ ਗਲਤ ਪ੍ਰਚਾਰ ਬਹੁਤ ਹੀ ਮੰਦਭਾਗਾ ਹੈ। ਉਨਾਂ ਕਿਹਾ ਕਿ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਉਨਾਂ ਪਰਿਵਾਰਾਂ ਦੇ ਘਰ ਜਾ ਕੇ ਪੁੱਛਣਾ ਚਾਹੀਦਾ ਹੈ, ਜਿਨਾਂ ਦੇ ਮੈਂਬਰ ਇਸ ਕੋਰੋਨਾ ਮਹਾਂਮਾਰੀ ਦੀ ਭੇਂਟ ਚੜ ਗਏ ਹਨ। ਸੋ ਇਸ ਤਰਾਂ ਦੇ ਕੂੜ ਪ੍ਰਚਾਰ ਤੋਂ ਬਚਣ ਦੀ ਜ਼ਰੂਰਤ ਹੈ।
ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜਦ ਵੀ ਤੁਹਾਡੇ ਪਿੰਡ/ਸ਼ਹਿਰ ਦੇ ਗਲੀ/ਮੁਹੱਲੇ ਵਿੱਚ ਸਿਹਤ ਵਿਭਾਗ ਦੀ ਕੋਈ ਟੀਮ ਵੱਲੋਂ ਟੈਸਟਿੰਗ/ਚੈਕਿੰਗ ਕੀਤੀ ਜਾਂਦੀ ਹੈ ਤਾਂ ਉਸ ਦਾ ਪੂਰੀ ਤਰਾਂ ਨਾਲ ਸਹਿਯੋਗ ਕੀਤਾ ਜਾਵੇ ਤਾਂ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਇਸ ਮਹਾਂਮਾਰੀ ਖਿਲਾਫ਼ ਪੂਰੀ ਵਚਨਵੱਧਤਾ ਨਾਲ ਲੜਾਈ ਲੜ ਸਕੇ ਅਤੇ ਆਪਾਂ ਇਸ ਭਿਆਨਕ ਮਹਾਂਮਾਰੀ ਦੇ ਪ੍ਰਕੋਪ ਵਿੱਚੋਂ ਨਿੱਕਲ ਕੇ ਇਸ ਨੂੰ ਬੁਰੀ ਤਰਾਂ ਹਰਾ ਸਕੀਏ।