Harsimrat Kaur Badal : ਬਠਿੰਡਾ: ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਾਫੀ ਰੌਲਾ ਪਾਇਆ ਜਾ ਰਿਹਾ ਹੈ। ਇਸੇ ਨੂੰ ਲੈ ਕੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਖੂਬ ਭੜਾਸ ਕੱਢੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੂਬੇ ਦੇ ਕਿਸਾਨ ਭਾਈਚਾਰੇ ਨੂੰ ਗੁੰਮਰਾਹ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਵਿੱਚ ਖੜ੍ਹੇ ਹਨ। ਹਰਸਿਮਰਤ ਕੌਰ ਬਾਦਲ ਨੇ ਕੈਪਟਨ ‘ਤੇ ਕਿਸਾਨ ਆਰਡੀਨੈਂਸਾਂ ਹੇਠ ਰਾਜਨੀਤੀ ਕਰਨ ਦੇ ਇਲਜ਼ਾਮ ਲਗਾਏ।
ਉਨ੍ਹਾਂ ਕਿਹਾ ਕਿ ਕੈਪਟਨ ਨੇ ਆਪਣੇ ਚੋਣ ਮੈਨੀਫੈਸਟੋ ਵਾਲਾ ਆਰਡੀਨੈਂਸ ਅਗਸਤ 2017 ‘ਚ ਬਾਕਾਇਦਾ ਲਾਗੂ ਕਰ ਦਿੱਤਾ ਸੀ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਹੜੇ ਮੂੰਹ ਨਾਲ ਕੇਂਦਰ ਦੇ ਆਰਡੀਨੈਂਸਾਂ ਦਾ ਵਿਰੋਧ ਕਰਦੇ ਹਨ। ਬੀਬਾ ਬਾਦਲ ਨੇ ਦੱਸਿਆ ਕਿ ਕੈਪਟਨ ਸਰਕਾਰ ਵੱਲੋਂ ਬੁਲਾਏ ਗਏ ਇੱਕ ਦਿਨਾ ਸੈਸ਼ਨ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੇ ਵਿਅਕਤੀਆਂ ਅਤੇ ਸੂਬੇ ਵਿੱਚ ਕੋਰੋਨਾ ਦੇ ਹਾਲਾਤ ‘ਤੇ ਚਰਚਾ ਕਰਨ ਦੀ ਬਜਾਏ ਉਥੇ ਆਰਡੀਨੈਂਸ ਦਾ ਮੁੱਦਾ ਹੀ ਚੁੱਕਿਆ ਗਿਆ ਸੀ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਨੂੰ ਜਾਣ ਬੁੱਝ ਕੇ ਮੁੱਦਾ ਬਣਾ ਰਹੇ ਹਨ ਤਾਂ ਜੋ ਪੰਜਾਬ ਦੇ ਲੋਕਾਂ ਦਾ ਧਿਆਨ ਬੀਜ ਘੁਟਾਲਾ ਜ਼ਹਿਰੀਲੀ ਸ਼ਰਾਬ ਅਤੇ ਵਜ਼ੀਫ਼ਾ ਘੁਟਾਲਾ ਤੋਂ ਉੱਠ ਸਕੇ।
ਕੈਪਟਨ ਅਮਰਿੰਦਰ ਸਿੰਘ ਆਪਣੇ ਤੇ ਕੇਂਦਰ ਦੇ ਆਰਡੀਨੈਂਸ ‘ਚ ਫ਼ਰਕ ਦੇ ਵੇਰਵੇ ਸਪੱਸ਼ਟ ਕਰਨ ਜਾਂ ਫੇਰ ਬੀਜ ਘੁਟਾਲੇ, ਜ਼ਹਿਰਲੀ ਸ਼ਰਾਬ ਕਤਲਕਾਂਡ ਤੇ ਵਜ਼ੀਫ਼ਾ ਘੁਟਾਲੇ ‘ਤੇ ਪਰਦੇ ਪਾਉਣ ਲਈ ਕਿਸਾਨਾਂ ਦੀਆਂ ਭਾਵਨਾਵਾਂ ‘ਤੇ ਸਿਆਸਤ ਖੇਡਣ ਤੋਂ ਬਾਜ਼ ਆਉਣ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਪਿਛਲੇ ਤਿੰਨ ਸਾਲ ਤੋਂ ਬਰਗਾੜੀ-ਬਰਗਾੜੀ ਦਾ ਰੌਲਾ ਪਾਉਂਦੀ ਆ ਰਹੀ ਹੈ ਤੇ ਹੁਣ ਖੇਤੀ ਆਰਡੀਨੈਂਸ ਤੋਂ ਇਲਾਵਾ ਉਨ੍ਹਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ। ਇਸ ਲਈ ਕੈਪਟਨ ਨੂੰ ਹੁਣ ਖੇਤੀ ਆਰਡੀਨੈਂਸਾਂ ਦਾ ਮੁੱਦਾ ਛੱਡ ਕੇ ਪੰਜਾਬ ਦੇ ਵਿਕਾਸ ਵੱਲ ਧਿਆਨ ਦੇਣਾ ਚਾਹੀਦਾ ਹੈ।