Bahadur Kusum of : ਜਲੰਧਰ : ਕੁਝ ਦਿਨ ਪਹਿਲਾਂ ਜਲੰਧਰ ਦੀ ਕੁਸੁਮ ਨੇ ਬਹਾਦੁਰੀ ਦਿਖਾਉਂਦੇ ਹੋਏ ਮੋਬਾਈਲ ਖੋਹਣ ਵਾਲੇ ਲੁਟੇਰਿਆਂ ਨਾਲ ਜ਼ੋਰਦਾਰ ਮੁਕਾਬਲਾ ਕੀਤਾ ਅਤੇ ਇਸ ਦੌਰਾਨ ਉਸ ਦਾ ਖੱਬਾ ਹੱਥ ਬੁਰੀ ਤਰ੍ਹਾਂ ਕੱਟਿਆ ਗਿਆ ਸੀ ਅਤੇ ਉਸ ਦਾ ਇਲਾਜ ਜੋਸ਼ੀ ਹਸਪਤਾਲ ਵਿਖੇ ਚੱਲ ਰਿਹਾ ਸੀ ਪਰ ਅੱਜ ਠੀਕ ਹੋਣ ‘ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਸਪਤਾਲ ਦੇ ਮੁੱਖ ਆਰਥੋਪੈਡਿਕ ਡਾ. ਮੁਕੇਸ਼ ਜੋਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕੁਸੁਮ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਕੇ ਆਏ ਸਨ ਤਾਂ ਉਸ ਸਮੇਂ ਲੁਟੇਰਿਆਂ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋਈ ਪਈ ਸੀ ਤੇ ਡਾ. ਜੋਸ਼ੀ ਨੇ ਦੱਸਿਆ ਕਿ ਡਾ. ਵਰੁਣ ਜੋਸ਼ੀ, ਪਲਾਸਿਟਕ ਤੇ ਮਾਈਕ੍ਰੋ ਵੈਸਕੁਲਰ ਸਰਜਨ ਡਾ. ਅਮਨਪ੍ਰੀਤ ਸਿੰਘ ਤੇ ਡਾ. ਅਭਿਸ਼ੇਕ ਦੀ ਟੀਮ ਨੇ ਸਰਜਰੀ ਕਰਕੇ ਕੁਸੁਮ ਦੇ ਗੁੱਟ ਦੇ ਟੈਂਡੇਨ, ਨਰਵਸ ਤੇ ਵੇਨਸ ਨੂੰ ਦੁਬਾਰਾ ਜੋੜ ਦਿੱਤਾ ਗਿਆ।
ਬਹਾਦੁਰ ਕੁਸੁਮ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦੀ ਸਾਰੀ ਪੜ੍ਹਾਈ ਦੇ ਨੋਟਸ ਮੋਬਾਈਲ ਵਿੱਚ ਸਨ ਤੇ ਜੇਕਰ ਲੁਟੇਰੇ ਮੋਬਾਈਲ ਖੋਹ ਕੇ ਲੈ ਜਾਂਦੇ ਤਾਂ ਉਹ ਪੜ੍ਹਾਈ ਕਿਸ ਤਰ੍ਹਾਂ ਕਰਦੀ? ਇਹੀ ਸੋਚਦੇ ਹੋਏ ਉਸ ਨੇ ਲੁਟੇਰਿਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਪਣੀ ਜਾਨ ਦੀ ਪ੍ਰਵਾਹ ਤਕ ਵੀ ਨਹੀਂ ਕੀਤੀ। ਕੁਸੁਮ ਨੇ ਇਹ ਵੀ ਦੱਸਿਆ ਕਿ ਉਸ ਦੇ ਭਰਾ ਨੇ ਬਹੁਤ ਮੁਸ਼ਕਲ ਨਾਲ ਉਸ ਨੂੰ ਮੋਬਾਈਲ ਲੈ ਕੇ ਦਿੱਤਾ ਸੀ ਤੇ ਜੇਕਰ ਲੁਟੇਰੇ ਮੋਬਾਈਲ ਲੈ ਜਾਂਦੇ ਤਾਂ ਉਹ ਪੜ੍ਹਾਈ ਕਿਵੇਂ ਕਰਦੀ? ਕੁਸੁਮ ਨੇ NCC ਵੀ ਜੁਆਇਨ ਕੀਤੀ ਹੋਈ ਹੈ, ਜਿਸ ਸਦਕਾ ਉਹ ਲੁਟੇਰਿਆਂ ਦਾ ਬਹਾਦੁਰੀ ਨਾਲ ਮੁਕਾਬਲਾ ਕਰ ਸਕੀ। ਡਾ. ਜੋਸ਼ੀ ਨੇ ਦੱਸਿਆ ਕਿ ਕੁਸੁਮ ਦੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਧਿਆਨ ‘ਚ ਰੱਖਦੇ ਹੋਏ ਹਸਪਤਾਲ ਵੱਲੋਂ ਉਸ ਦਾ ਪੂਰਾ ਇਲਾਜ ਮੁਫਤ ਕੀਤਾ ਗਿਆ ਹੈ ਤੇ ਉਸ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਪੇਮੈਂਟ ਨਹੀਂ ਲਈ ਗਈ।