IELTS Coaching Institute : ਅੰਮ੍ਰਿਤਸਰ : ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ‘ਚ ਇੱਕ ਨਿੱਜੀ ਟ੍ਰੇਨਿੰਗ ਸੈਂਟਰ ‘ਚ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ। ਇੰਸਟੀਚਿਊਟ ‘ਚ ਵਿਦਿਆਰਥੀਆਂ ਦੀ ਕਲਾਸ ਚੱਲ ਰਹੀ ਸੀ ਜਿਥੇ ਵਿਦਿਆਰਥੀ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਨਹੀਂ ਕਰ ਰਹੇ ਸਨ। ਪੁਲਿਸ ਮੌਕੇ ‘ਤੇ ਪੁੱਜੀ ਤਾਂ ਇੰਸਟੀਚਿਊਟ ‘ਚ ਹਫੜਾ-ਦਫੜੀ ਮਚ ਗਈ। ਇੰਸਟੀਚਿਊਟ ਸੰਚਾਲਕਾਂ ਤੇ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਤੇ ਸਿੱਖਿਆ ਇੰਸਟੀਚਿਊਟ ਬੰਦ ਹਨ ਪਰ ਅੰਮ੍ਰਿਤਸਰ ਵਿਖੇ ਇੱਕ ਇੰਸਟੀਚਿਊਟ ‘ਚ ਕੋਵਿਡ-19 ਗਾਈਡਲਾਈਨ ਦਾ ਉਲੰਘਣ ਹੋ ਰਿਹਾ ਹੈ। ਪੁਲਿਸ ਨੂੰ ਇਸ ਦੀ ਸੂਚਨਾ ਮਿਲ ਤਾਂ ਉਥੇ ਛਾਪਾ ਮਾਰਿਆ ਗਿਆ। ਇੰਸਟੀਚਿਊਟ ‘ਚ ਕਲਾਸਾਂ ਭਰੀਆਂ ਪਈਆਂ ਸਨ। ਛਾਪੇ ਦੌਰਾਨ ਇੰਸਟੀਚਿਊਟ ਦਾ ਮਾਲਕ ਫਰਾਰ ਹੋ ਗਿਆ ਜਦੋਂ ਕਿ ਪੁਲਿਸ ਨੇ ਸਟਾਫ ਤੇ ਵਿਦਿਆਰਥੀਆਂ ਨੂੰ ਹਿਰਾਸਤ ‘ਚ ਲੈ ਲਿਆ ਹੈ।
ਇੰਸਟੀਚਿਊਟ ਦੇ ਸਟਾਫ ਤੇ ਵਿਦਿਆਰਥੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਇੰਸਟੀਚਿਊਟ ਕਦੋਂ ਤੋਂ ਚੱਲ ਰਿਹਾ ਹੈ। ਪੁਲਿਸ ਇਸ ਗੱਲ ਦਾ ਵੀ ਪਤਾ ਲਗਾ ਰਹੀ ਹੈ ਕਿ ਸ਼ਹਿਰ ‘ਚ ਕਿਤੇ ਹੋਰ ਵੀ ਇੰਸਟਿਚਊਟ ਤਾਂ ਨਹੀਂ ਚੱਲ ਰਹੇ। ਅੰਮ੍ਰਿਤਸਰ ‘ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵਧ ਰਿਹਾ ਹੈ। ਪਿਛਲੇ ਦਿਨੀਂ ਸੋਮਵਾਰ ਨੂੰ 5 ਲੋਕਾਂ ਦੀ ਮੌਤ ਵੀ ਹੋ ਗਈ ਜਦੋਂ ਕਿ 169 ਮਰੀਜ਼ ਪਾਜੀਟਿਵ ਪਾਏ ਗਏ। ਅੰਮ੍ਰਿਤਸਰ ‘ਚ ਕੋਰੋਨਾ ਪਾਜੀਟਿਵ ਮਰੀਜ਼ਾਂ ਦੀ ਗਿਣਤੀ 4996 ਤਕ ਜਾ ਪੁੱਜੀ ਹੈ।
ਅਗਸਤ ਮਹੀਨੇ ‘ਚ 500 ਤੋਂ ਹੇਠਾਂ ਰਹਿਣ ਐਕਟਿਵ ਕੇਸ ਹੁਣ 938 ਤਕ ਜਾ ਪੁੱਜੇ ਹਨ। ਇਸ ਤੋਂ ਸਪੱਸ਼ਟ ਹੈ ਕਿ ਕੋਰੋਨਾ ਵਾਇਰਸ ਲੋਕਾਂ ਦੀ ਲਾਪ੍ਰਵਾਹੀ ਦੇ ਕਾਰਨ ਫੈਲ ਰਿਹਾ ਹੈ। ਕਮਿਊਨਿਟੀ ‘ਚ ਇਸ ਵਾਇਰਸ ਨੇ ਕਾਫੀ ਕੋਹਰਾਮ ਮਚਾਇਆ ਹੋਇਆ ਹੈ। ਹੁਣ ਜਿਲ੍ਹੇ ‘ਚ ਕੋਰੋਨਾ ਦੇ ਮਰੀਜ਼ ਕਮਿਊਨਿਟੀ ਤੋਂ ਹੀ ਰਿਪੋਰਟ ਹੋ ਰਹੇ ਹਨ। ਅਜਿਹੇ ‘ਚ ਕੋਰੋਨਾ ਗਾਈਡਲਾਈਨ ਦੇ ਉਲੰਘਣ ਦੇ ਇਹ ਮਾਮਲੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹੈ।