Chandigarh administration decides : ਚੰਡੀਗੜ੍ਹ ਵਿਖੇ ਸੈਕਟਰ-11 ‘ਚ ਚੱਲ ਰਹੇ ਕੋਵਿਡ ਟੈਸਟਿੰਗ ਸੈਂਟਰਾਂ ਨੂੰ ਕਿਸੇ ਹੋਰ ਥਾਂ ‘ਤੇ ਸ਼ਿਫਟ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਫੈਸਲਾ ਵਪਾਰੀਆਂ ਵੱਲੋਂ ਕੀਤੇ ਜਾ ਰਹੇ ਵਿਰੋਧ ਤੋਂ ਬਾਅਦ ਲਿਆ ਗਿਆ। ਵਪਾਰੀਆਂ ਵੱਲੋਂ ਇਨ੍ਹਾਂ ਕੋਵਿਡ ਟੈਸਟਿੰਗ ਸੈਂਟਰਾਂ ਖਿਲਾਫ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਮਨੋਜ ਪਰਿਦਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਕੋਵਿਡ ਟੈਸਟਿੰਗ ਸੈਂਟਰਾਂ ਨੂੰ ਹੋ ਸਕਦਾ ਹੈ ਕਿ ਪਰੇਡ ਗਰਾਊਂਡ ਸੈਕਟਰ-17, ਸੈਕਟਰ-10 ਮਿਊਜ਼ੀਅਮ ਕੋਲ ਸੈਕਟਰ ਵਾਈਡ ਰੋਡ ਵਿਖੇ ਸ਼ਿਫਟ ਕੀਤਾ ਜਾ ਸਕਦਾ ਹੈ ਤੇ ਸੈਕਟਰ-42 ‘ਚ ਸ਼ਿਫਟ ਕੀਤਾ ਜਾਵੇ।
ਪਿਛਲੇ ਹਫਤੇ ਸੈਕਟਰ-11 ਦੇ ਦੁਕਾਨਦਾਰਾਂ ਵੱਲੋਂ ਕੋਰੋਨਾ ਟੈਸਟਿੰਗ ਸੈਂਟਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸੇ ਸਬੰਧ ‘ਚ ਦੁਕਾਨਦਾਰਾਂ ਨੇ ਸਲਾਹਕਾਰ ਮਨੋਜ ਪਰਿਦਾ ਨਾਲ ਗੱਲਬਾਤ ਵੀ ਕੀਤੀ ਸੀ। ਇਸ ਮੌਕੇ ਵਪਾਰ ਮੰਡਲ ਦੇ ਚੇਅਰਮੈਨ ਚਰਨਜੀਵ ਸਿੰਘ ਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਿਵਾਕਰ ਆਹੂਜਾ ਮੌਜੂਦ ਸਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੋਵਿਡ ਟੈਸਟਿੰਗ ਸੈਂਟਰਾਂ ਕਾਰਨ ਇਥੇ ਕੋਰੋਨਾ ਫੈਲਣ ਦਾ ਖਤਰਾ ਹੋ ਸਕਦਾ ਹੈ ਕਿਉਂਕਿ ਲੋਕ ਇਥੇ ਟੈਸਟਿੰਗ ਕਰਾਉਣ ਲਈ ਆਉਂਦੇ ਹਨ। ਇਹ ਭੀੜ-ਭਾੜ ਵਾਲਾ ਇਲਾਕਾ ਹੈ, ਜਿਸ ਕਾਰਨ ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਫੈਲ ਸਕਦਾ ਹੈ।
ਦੁਕਾਨਦਾਰਾਂ ਨੇ ਮੰਗ ਕੀਤੀ ਕਿ ਇਨ੍ਹਾਂ ਕੋਵਿਡ ਟੈਸਟਿੰਗ ਸੈਂਟਰਾਂ ਨੂੰ ਕਿਸੇ ਘੱਟ ਭੀੜ ਵਾਲੀ ਜਗ੍ਹਾ ‘ਤੇ ਸ਼ਿਫਟ ਕੀਤਾ ਜਾਣਾ ਚਾਹੀਦਾ ਹੈ ਤੇ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਦਿਵਾਕਰ ਸਹੂੰਜਾ ਨੇ ਉੁਨ੍ਹਾਂ ਦੀ ਇਸ ਮੰਗ ਨੂੰ ਮੰਨਿਆ ਤੇ ਫੈਸਲਾ ਕੀਤਾ ਕਿ ਇਨ੍ਹਾਂ ਕੋਵਿਡ ਟੈਸਟਿੰਗ ਕੇਅਰ ਸੈਂਟਰਾਂ ਨੂੰ ਵੀਰਵਾਰ ਤੱਕ ਘੱਟ ਭੀੜ ਵਾਲੇ ਇਲਾਕਿਆਂ ‘ਚ ਸ਼ਿਫਟ ਕਰ ਦਿੱਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਤੋਂ ਨਿਜਾਤ ਮਿਲ ਸਕੇ। ਚੰਡੀਗੜ੍ਹ ਵਿਖੇ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਹਰ ਅਹਿਤਿਆਤ ਵਰਤੀ ਜਾ ਰਹੀ ਹੈ।