A shocking case : ਆਮ ਤੌਰ ‘ਤੇ ਪਾਸਪੋਰਟ ਬਣਵਾਉਣ ਲਈ ਕਿੰਨੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਜਦੋਂ ਬਿਨਾਂ ਅਪਲਾਈ ਕੀਤੇ ਹੀ ਤੁਹਾਡਾ ਪਾਸਪੋਰਟ ਘਰ ਪੁੱਜ ਜਾਵੇ ਤਾਂ ਤੁਸੀਂ ਕਿੰਨੇ ਹੈਰਾਨ ਹੋਵੋਗੇ। ਅਜਿਹਾ ਹੀ ਇਕ ਹੈਰਾਨ ਕਰਨ ਦੇਣ ਵਾਲਾ ਮਾਮਲਾ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜੋ ਕਿ ਮਜੀਠਾ ਰੋਡ ਵਿਖੇ ਅਵਤਾਰ ਐਵੇਨਿਊ ਦੇ ਰਹਿਣ ਵਾਲੇ ਹਨ। ਪੂਰੀ ਗੱਲ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਸਾਡੇ ਘਰ ਵਿੱਚੋਂ ਕਿਸੇ ਵੀ ਮੈਂਬਰ ਨੇ ਪਾਸਪੋਰਟ ਅਪਲਾਈ ਨਹੀਂ ਕੀਤਾ ਫਿਰ ਡਾਕੀਆ ਸਾਡੇ ਪਤੇ ‘ਤੇ ਕਿਸ ਤਰ੍ਹਾਂ ਪਾਸਪੋਰਟ ਦੇ ਗਿਆ? ਸਾਨੂੰ ਆਪ ਇਸ ਗੱਲ ‘ਤੇ ਬਹੁਤ ਹੈਰਾਨਗੀ ਹੈ।
ਬਜ਼ੁਰਗ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੇ ਡਾਕੀਏ ਨੂੰ ਬਹੁਤ ਵਾਰ ਕਿਹਾ ਕਿ ਇਹ ਪਾਸਪੋਰਟ ਸਾਡਾ ਨਹੀਂ ਹੈ ਪਰ ਡਾਕੀਆ ਕਹਿਣ ਲੱਗਾ ਕਿ ਪਾਸਪੋਰਟ ‘ਤੇ ਪਤਾ ਤੁਹਾਡਾ ਹੈ, ਇਸ ਲਈ ਉਹ ਪਾਸਪੋਰਟ ਦੇ ਕੇ ਚਲਾ ਗਿਆ ਤੇ ਬਾਅਦ ‘ਚ ਜਦੋਂ ਪਾਸਪੋਰਟ ਖੋਲ੍ਹ ਕੇ ਦੇਖਿਆ ਤਾਂ ਉਹ ਇਕ ਔਰਤ ਦਾ ਸੀ ਜੋ ਕਿ ਇਥੇ ਨਹੀਂ ਰਹਿੰਦੀ ਅਤੇ ਨਾ ਹੀ ਅਸੀਂ ਉਸ ਨੂੰ ਜਾਣਦੇ ਹਾਂ। ਉਨ੍ਹਾਂ ਦੱਸਿਆ ਕਿ ਨਕਲੀ ਪੇਪਰ ਲਗਾ ਕੇ ਪਾਸਪੋਰਟ ਨੂੰ ਤਿਆਰ ਕੀਤਾ ਗਿਆ ਹੈ ਕਿਉਂਕਿ ਪਾਸਪੋਰਟ ਦੀ ਵੈਰੀਫਿਕੇਸ਼ਨ ਵਾਸਤੇ ਸਾਡੇ ਘਰ ਕੋਈ ਵੀ ਨਹੀਂ ਆਇਆ। ਜਦੋਂ ਉਨ੍ਹਾਂ ਨੇ ਪਾਸਪੋਰਟ ਦੇਖਿਆ ਤਾਂ ਉਹ ਬਹੁਤ ਚਿੰਤਤ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਡਰ ਹੈ ਕਿ ਕੋਈ ਸਾਡੀ ਜਾਇਦਾਦ ਨੂੰ ਆਪਣੀ ਦੱਸ ਕੇ ਕੋਈ ਕਰਜ਼ਾ ਨਾ ਲੈ ਲਵੇ ਜਾਂ ਕੋਈ ਝੂਠਾ ਕੇਸ ਸਾਡੇ ‘ਤੇ ਨਾ ਦਰਜ ਕਰਵਾ ਦੇਵੇ।
ਪਾਸਪੋਰਟ ਦਫਤਰ ਦੇ ਅਧਿਕਾਰੀ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਜੋ ਪਤਾ ਦਿੱਤਾ ਗਿਆ ਸੀ ਅਸੀਂ ਉਸੇ ਦੇ ਆਧਾਰ ‘ਤੇ ਪਾਸਪੋਰਟ ਤਿਆਰ ਕੀਤਾ ਹੈ ਤੇ ਸਾਡੇ ਵੱਲੋਂ ਕੋਈ ਗਲਤੀ ਨਹੀਂ ਹੋਈ ਹੈ। ਬਜ਼ੁਰਗ ਜੋੜੇ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਸਕੇ ਕਿਉਂਕਿ ਪਾਸਪੋਰਟ ਅਧਿਕਾਰੀ ਕਿਸੇ ਵੀ ਜਾਂਚ ਤੋਂ ਇਨਕਾਰ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਵੀ ਦਫਤਰ ‘ਚ ਅਜਿਹੀਆਂ ਬਹੁਤ ਸਾਰੀਆਂ ਸ਼ਿਕਾਇਤਾਂ ਦਰਜ ਹਨ।