The district administration : ਜਲੰਧਰ : ਜਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਪਲੱਸ ਪੋਲੀਓ ਮੁਹਿੰਮ ਦੀ ਤਰਜ ‘ਤੇ ਕੋਵਿਡ ਦੇ ਕੋਈ ਲੱਛਣ ਦਿਖਾਈ ਦੇਣ ‘ਤੇ ਡਾਕਟਰ ਨਾਲ ਸੰਪਰਕ ਕਰਕੇ ਟੈਸਟ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਜਿਲ੍ਹੇ ‘ਚ ਕੋਵਿਡ ਕਾਰਨ ਹੋਣ ਵਾਲੀ ਮੌਤ ਦਰ ਨੂੰ ਘਟਾਉਣ ਲਈ ਲੈਵਲ-3 ਦੇ ਮਰੀਜ਼ਾਂ ਦੀ ਪ੍ਰਬੰਧਨ ਲਈ ਮਾਹਿਰ ਕਮੇਟੀ ਨਾਲ ਸਿਵਲ ਹਸਪਤਾਲ ਤੇ ਪ੍ਰਾਈਵੇਟ ਸੰਸਥਾਵਾਂ ਦੇ ਡਾਕਟਰ ਨਾਲ ਵਿਚਾਰ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਕੋਵਿਡ-19 ਮਹਾਮਾਰੀ ਤੋਂ ਆਪਣੇ ਆਪ ਨੂੰ ਬਚਾਉਣਾ ਹੈ। ਹੇਠਲੇ ਪੱਧਰ ਤਕ ਜਾਗਰੂਕਤਾ ਨਾਲ ਇਹ ਸੰਦੇਸ਼ ਪਹੁੰਚਾਇਆ ਜਾਵੇਗਾ ਕਿ ਜੇਕਰ ਕੋਵਿਡ ਦੇ ਕੋਈ ਵੀ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਕੋਵਿਡ ਦਾ ਟੈਸਟ ਕਰਵਾਇਆ ਜਾਵੇ ਜਿਸ ਨਾਲ ਸਮੇਂ ‘ਤੇ ਦੂਜੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਦਾ ਇਲਾਜ ਸ਼ੁਰੂ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਕਦਮ ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ‘ਚ ਮਦਦਗਾਰ ਹੋਵੇਗਾ। ਡੀ. ਸੀ. ਥੋਰੀ ਨੇ ਦੱਸਿਆ ਕਿ ਜਨ ਜਾਗਰੂਕਤਾ ਮੁਹਿੰਮ ਨੂੰ ਸੋਸ਼ਲ ਮੀਡੀਆ ਜ਼ਰੀਏ ਜ਼ੋਰਦਾਰ ਢੰਗ ਨਾਲ ਸ਼ੁਰੂ ਕੀਤਾ ਜਾਵੇਗਾ ਜਿਸ ਨਾਲ ਲੋਕਾਂ ਨੂੰ ਪ੍ਰੇਰਿਤ ਕਰਕੇ ਟੈਸਟ ਕਰਵਾਉਣ ਲਈ ਅੱਗੇ ਆਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਮੌਕੇ ਪ੍ਰੋ. ਐੱਚ. ਓ. ਡੀ. ਚੈਸਟ ਅਤੇ ਪਲਮਨੇਰੀ ਮੈਡੀਸ ਡਾ. ਵਿਸ਼ਾਲ ਚੋਪੜਾ ਅਤੇ ਚੰਡੀਗੜ੍ਹ PGI ਦੇ ਐਨਾਥੀਸੀਆ ਐਂਡ ਐਸੋਸੀਏਟ ਪ੍ਰੋਫੈਸਰ ਡਾ. ਕਮਲ ਕਾਜ ਨੇ ਕੋਵਿਡ ਦੇ ਲੈਵਲ-3 ਦੇ ਮਰੀਜ਼ਾਂ ਤੇ ਕੀਮਤੀ ਜਾਨਾਂ ਬਚਾਉਣ ਲਈ ਹੋਏ ਅਧਿਐਨ ‘ਤੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਮੇਂ ਉਨ੍ਹਾਂ ਨਾਲ ਕੋਵਿਡ ਦੇ ਗੰਭੀਰ ਮਾਮਲਿਆਂ ਨਾਲ ਪੂਰਾ ਕਰਨ ਲਈ, ਖਾਸ ਕਰਕੇ ਜੋ ਮਰੀਜ਼ ਆਈ. ਸੀ. ਯੂ. ‘ਚ ਦਾਖਲ ਹਨ, ਦੀ ਜਾਨ ਬਚਾਉਣ ਲਈ ਸੰਪਰਕ ਕਰ ਸਕਦੇ ਹਨ। ਇਸ ਮੌਕੇ ਨਵਨੀਤ ਕੌਰ ਬੱਲ, ਡਾ. ਜੋਤੀ, ਡਾ. ਪਰਮਜੀਤ ਸਿੰਘ, ਡਾ. ਸਤੀਸ਼ ਕੁਮਾਰ ਤੇ ਆਈ. ਐੱਮ. ਏ. ਪੰਜਾਬ ਪ੍ਰਧਾਨ ਡਾ. ਨਵਜੋਤ ਦਹੀਆ ਵੀ ਹਾਜ਼ਰ ਸਨ।