CM accuses Kejriwal : ਚੰਡੀਗੜ੍ਹ : ਪੰਜਾਬ ‘ਚ ਇਨ੍ਹੀਂ ਦਿਨੀਂ ‘ਆਕਸੀ ਵਾਰ’ ਛਿੜਿਆ ਹੋਇਆ ਹੈ। ਇਸ ਵਾਰ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਹਮੋ-ਸਾਹਮਣੇ ਹਨ। ਕੈਪਟਨ ਅਮਰਿੰਦਰ ਸਿੰਘ ਆਮ ਆਦਮੀ ਪਾਰਟੀ ‘ਤੇ ਇਹ ਦੋਸ਼ ਲਗਾ ਰਹੇ ਹਨ ਕਿ ਉਹ ਪੰਜਾਬ ‘ਚ ਅਫਵਾਹਾਂ ਫੈਲਾ ਰਹੀ ਹੈ ਜਿਸ ਕਾਰਨ ਲੋਕ ਕੋਰੋਨਾ ਟੈਸਟ ਕਰਵਾਉਣ ਲਈ ਅੱਗੇ ਨਹੀਂ ਆ ਰਹੇ ਹਨ। ਆਪ ‘ਤੇ ਦੋਸ਼ ਲੱਗ ਰਹੇ ਹਨ ਕਿ ਉਹ ਖੂਨ ‘ਚ ਆਕਸੀਜਨ ਦਾ ਲੈਵਲ ਜਾਂਚ ਲਈ ਇਸਤੇਮਾਲ ਹੋਣ ਵਾਲੇ ਆਕਸੀਮੀਟਰ ਨੂੰ ਵੰਡਣ ਜ਼ਰੀਏ ਅਫਵਾਹ ਫੈਲਾ ਰਹੀ ਹੈ। ਇਨ੍ਹੀਂ ਦਿਨੀਂ ਪਿੰਡਾਂ ‘ਚ ਇਹ ਅਫਵਾਹ ਹੈ ਕਿ ਕੋਵਿਡ-19 ਨਾਲ ਮੌਤ ਹੋਣ ਤੋਂ ਬਾਅਦ ਮਨੁੱਖੀ ਅੰਗਾਂ ਦਾ ਵਪਾਰ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਅਫਵਾਹਾਂ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਆਪ ਦੇ ਆਕਸੀਮੀਟਰ ਨਾਲ ਮੁਕਾਬਲਾ ਕਰਨ ਲਈ ਕੋਵਿਡ ਕੇਅਰ ਕਿੱਟ ਨੂੰ ਮੈਦਾਨ ‘ਚ ਉਤਾਰ ਦਿੱਤਾ ਹੈ।
ਆਮ ਆਦਮੀ ਪਾਰਟੀ ਨੇ ਪਿੰਡਾਂ ‘ਚ ਆਕਸੀਮੀਟਰ ਵੰਡਣੇ ਸ਼ੁਰੂ ਕੀਤੇ। ਇਸ ਤੋਂ ਬਾਅਦ ਤੋਂ ਹੀ ਇਹ ਅਫਵਾਹਾਂ ਵੀ ਤੇਜ਼ ਹੋ ਗਈਆਂ ਕਿ ਕੋਰੋਨਾ ਨਾਲ ਜੇਕਰ ਮੌਤ ਹੋ ਜਾਂਦੀ ਹੈ ਤਾਂ ਉਸ ਦੇ ਅੰਗਾਂ ਨੂੰ ਕੱਢ ਲਿਆ ਜਾਂਦਾ ਹੈ। ਇਸ ਦਾ ਅਸਰ ਇਹ ਹੋਇਆ ਕਿ ਲੋਕ ਕੋਰੋਨਾ ਦੇ ਟੈਸਟ ਕਰਵਾਉਣ ਤੋਂ ਕਤਰਾਉਣ ਲੱਗੇ। ਮੁੱਖ ਮੰਤਰੀ ਨੇ ਪੁਲਿਸ ਨੂੰ ਅਜਿਹੇ ਮਾਮਲਿਆਂ ਨਾਲ ਸਖਤੀ ਨਾਲ ਨਿਪਟਣ ਦੇ ਨਿਰਦੇਸ਼ ਦਿੱਤੇ। ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਆਕਸੀਮੀਟਰ ਮੁਹਿੰਮ ਨੂੰ ਲੈ ਕੈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਕੀਤੀ ਗਈ ਟਿੱਪਣੀ ਨੂੰ ਗੈਰ-ਜ਼ਰੂਰੀ, ਬੇਤੁਕਾ ਤੇ ਬੌਖਲਾਹਟ ਭਰਿਆ ਦੱਸਿਆ। ਆਪ ਦੇ ਪ੍ਰਦੇਸ਼ ਪ੍ਰਧਾਨ ਭਗਵੰਤ ਮਾਨ ਨੇ ਟਵੀਟ ‘ਚ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਦੇਸ਼ ਦ੍ਰੋਹੀ ਅਤੇ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਅਫਵਾਹਾਂ ਫੈਲਾਉਣ ਵਾਰਗੇ ਦੋਸ਼ ਬੇਤੁਕੇ ਤੇ ਗੈਰ-ਜ਼ਰੂਰੀ ਹਨ। ਕੇਜਰੀਵਾਲ ਵੱਲੋਂ ਨਾ ਸਿਰਫ ਪੰਜਾਬ ਸਗੋਂ ਪੂਰੇ ਦੇਸ਼ ‘ਚ ਚਲਾਈ ਗਈ ਆਕਸੀਮੀਟਰ ਮੁਹਿੰਮ ਦੇਸ਼ ਵਿਰੋਧੀ ਕਾਰਵਾਈ ਨਹੀਂ ਸਗੋਂ ਦੇਸ਼ ਦੇ ਲੋਕਾਂ ਤੇ ਪ੍ਰਦੇਸ਼ ਸਰਕਾਰਾਂ ਦੇ ਸਹਿਯੋਗ ਵਾਲੀ ਮੁਹਿੰਮ ਹੈ।
ਆਪ ਨੇ ਪਿੰਡ ‘ਚ ਆਕਸੀਮੀਟਰ ਵੰਡਣੇ ਸ਼ੁਰੂ ਕੀਤੇ ਤਾਂ ਪੰਜਾਬ ਸਰਕਾਰ ਨੇ 50,000 ਕੋਵਿਡ ਕੇਅਰ ਕਿੱਟ ਵੰਡਣ ਦਾ ਫੈਸਲਾ ਕਰ ਲਿਆ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਆਪਣੇ ਪੁਲਿਸ ਮੁਲਾਜ਼ਮਾਂ ਲਈ ਇਹ ਕਿੱਟ ਤਿਆਰ ਕਰਵਾਈ ਸੀ। ਇਸ ਕਿੱਟ ‘ਚ ਮੌਜੂਦ ਸਾਮਾਨ ਨੂੰ ਜੇਕਰ ਵੱਖ-ਵੱਖ ਖਰੀਦਿਆ ਜਾਵੇ ਤਾਂ ਇਹ ਲਗਭਗ 4300 ਰੁਪਏ ਦੇ ਨੇੜੇ ਤੱਕ ਪੁੱਜਦਾ ਹੈ। ਇਹ ਕਿੱਟ ਪੁਲਿਸ ਮੁਲਾਜ਼ਮਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਵੀ ਕਾਫੀ ਪਸੰਦ ਆਇਆ, ਜਿਸ ਤੋਂ ਬਾਅਦ ਇਸ ਕਿੱਟ ਦੀ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੂੰ ਵੀ ਹੋਈ। ਪੰਜਾਬ ਸਰਕਾਰ ਆਪ ਦੇ ਆਕਸੀਮੀਟਰ ਦਾ ਬਦਲ ਲੱਭ ਰਹੀ ਹੈ ਅਜਿਹੇ ‘ਚ ਕੋਵਿਡ ਕੇਅਰ ਕਿੱਟ ਦੇ ਰੂਪ ‘ਚ ਸਰਕਾਰ ਨੂੰ ਚੰਗਾ ਬਦਲ ਲੱਭਿਆ ਹੈ।