A subsidy of : ਜਲੰਧਰ : ਪ੍ਰਸ਼ਾਸਨ ਵੱਲੋਂ ਇਨ-ਸੀਟੂ ਪ੍ਰਬੰਧਨ ਅਧੀਨ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਆਧੁਨਿਕ ਖੇਤੀ ਮਸ਼ੀਨਾਂ ‘ਤੇ 10 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ ਉਪਲਬਧ ਕਰਵਾਈ ਜਾਵੇਗੀ। ਇਸ ਲਈ 888 ਕਿਸਾਨਾਂ ਨੇ ਖੇਤੀ ਤੇ ਕਿਸਾਨ ਭਲਾਈ ਵਿਭਾਗ ‘ਚ ਅਪਲਾਈ ਕੀਤਾ ਤੇ ਕਿਸਾਨ ਗਰੁੱਪਾਂ ਨੇ 909 ਅਰਜ਼ੀਆਂ ਦਿੱਤੀਆਂ। ਡੀ. ਸੀ. ਘਣਸ਼ਿਆਮ ਥੋਰੀ ਨੇ ਦੱਸਿਆ ਕਿ ਖੇਤੀ ਵਿਭਾਗ ਵੱਲੋਂ ਡ੍ਰਾਅ ਦੁਆਰਾ ਕਿਸਾਨਾਂ ਦੇ 444 ਅਤੇ ਕਿਸਾਨ ਗਰੁੱਪਾਂ ਤੇ ਸਹਿਕਾਰੀ ਸਭਾਵਾਂ ਦੇ 460 ਐਪਲੀਕੇਸ਼ਨਾਂ ਦੀ ਚੋਣ ਕੀਤੀ ਹੈ। ਇਸ ਯੋਜਨਾ ਅਧੀਨ ਇੱਕ ਕਿਸਾਨ ਹੈਪੀ ਸੀਡਰ, ਪੈਡੀ ਚਾਪਰ, ਮਲਟਰ, ਹਾਈਡ੍ਰੋਲਿਕ ਲੀਵਰਸੀਬਲ ਐੱਮ. ਬੀ. ਪਲਾਂਟ, ਸੁਪਰ ਐੱਸ. ਐੱਮ. ਐੱਸ. ਰੋਟਰੀ ਸਲੇਸ਼ਰ ਦੀ ਖਰੀਦ ‘ਤੇ 50 ਫੀਸਦੀ ਸਬਸਿਡੀ ਲੈ ਸਕਦਾ ਹੈ।
ਇਸ ਯੋਜਨਾ ਤਹਿਤ ਕਸਟਮ ਹਾਅਰਿੰਗ ਸੈਂਟਰ ਖੋਲ੍ਹਣ ਲਈ ਰਜਿਸਟਰਡ ਕਿਸਾਨ ਸਮੂਹਾਂ ਜਾਂ ਸਹਿਕਾਰੀ ਕਮੇਟੀਆਂ ਲਈ 80 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਇਸ ਮਸ਼ੀਨਰੀ ਦੇਣ ਦਾ ਉਦੇਸ਼ ਇਸ ਰਹਿੰਦ-ਖੂੰਹਦ ਨੂੰ ਡੀਕੰਪੋਜ ਕਰਨਾ ਹੈ ਜਿਸ ਨਾਲ ਵਾਤਾਵਰਣ ਨੂੰ ਬਚਾਇਆ ਜਾ ਸਕੇ। ਕ੍ਰਿਸ਼ੀ ਅਧਿਕਾਰੀ ਡਾ. ਸੁਰਿੰਦਰ ਨੇ ਕਿਹਾ ਕਿ ਪਰਾਲੀ ਨੂੰ ਸਾੜਨ ਨਾਲ ਮਿੱਟੀ ਦੇ ਕਈ ਮੁਖੀ ਪੋਸ਼ਕ ਤੱਤ ਅਤੇ ਹੋਰ ਸੂਖਮ ਪੋਸ਼ਕ ਤੱਤ ਖਤਮ ਹੋ ਜਾਂਦੇ ਹਨ ਤੇ ਕਈ ਜ਼ਹਿਰੀਲੀ ਗੈਸਾਂ ਪੈਦਾ ਹੁੰਦੀਆਂ ਹਨ ਜੋ ਮਨੁੱਖੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਡੀ. ਸੀ. ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਧੁਨਿਕ ਤਕਨੀਕਾਂ ਨਾਲ ਇਸ ਦੇ ਪ੍ਰਬੰਧਨ ਲਈ ਅੱਗੇ ਆਏ ਤੇ ਪ੍ਰਭਾਵੀ ਤਰੀਕੇ ਅਪਣਾਏ। ਪਾਵਰਕਾਮ ਵੱਲੋਂ ਕਿਸਾਨਾਂ ਲਈ ਪਾਣੀ ਬਚਾਓ ਤੇ ਪੈਸੇ ਕਮਾਓ ਸਕੀਮ ਲਾਂਚ ਕੀਤੀ ਗਈ ਹੈ। ਕਿਸਾਨ ਬਿਜਲੀ ਦੀ ਖਪਤ ਘੱਟ ਕਰਕੇ ਪੈਸੇ ਕਮਾ ਸਕਦੇ ਹਨ। ਕਿਸਾਨਾਂ ਨੂੰ ਸਬੰਧਤ ਡਵੀਜ਼ਨ ਦੇ ਦਫਤਰਾਂ ‘ਚ ਆਪਣਾ ਨਾਂ ਰਜਿਸਟਰ ਕਰਵਾਉਣਾ ਹੋਵੇਗਾ। ਬਿਜਲੀ ਬਚਾਉਣ ‘ਤੇ ਹਰ ਕਿਸਾਨ ਨੂੰ 4 ਰੁਪਏ ਯੂਨਿਟ ਦੇ ਹਿਸਾਬ ਨਾਲ ਸਬਸਿਡੀ ਦਿੱਤੀ ਜਾਵੇਗੀ ਤੇ ਸਿੱਧੇ ਕਿਸਾਨ ਦੇ ਖਾਤੇ ‘ਚ ਪਾ ਦਿੱਤੀ ਜਾਵੇਗੀ।
ਚੀਫ ਇੰਜੀਨੀਅਰ ਜੈਨਇੰਦਰ ਦਾਨੀਆ ਨੇ ਦੱਸਿਆ ਕਿ ਕਿਸਾਨ ਪਾਵਰਕਾਮ ਦੇ ਐਪ ‘ਚ ਜਾ ਕੇ ਖੁਦ ਲਾਗਇਨ ਕਰਕੇ ਸਕੀਮ ਦਾ ਹਿੱਸਾ ਬਣ ਸਦੇ ਹਨ। ਐਕਸੀਅਨ ਸੰਨੀ ਭਾਗਰਾ ਨੇ ਦੱਸਿਆ ਕਿ 15 ਸਤੰਬਰ ਤੋਂ ਪਾਵਰਕਾਮ ਦੇ ਐਪ ਪੰਜਾਬ ਪਾਵਰ ਸਪਲਾਈ ‘ਚ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਦੀ ਆਪਸ਼ਨ ਜੁੜ ਜਾਵੇਗੀ। ਇਸ ਤੋਂ ਬਾਅਦ ਕਿਸਾਨ ਘਰ ਬੈਠੇ ਰਜਿਸਟ੍ਰੇਸ਼ਨ ਕਰਵਾ ਸਕਣਗੇ। ਜਿੰਨੀ ਲਿਮਿਟ ਯੂਨਿਟ ਖਪਤ ਲਈ ਦਿੱਤੀ ਜਾਵੇਗੀ, ਜੇਕਰ ਕਿਸਾਨ ਉਸ ਤੋਂ ਵੱਧ ਖਪਤ ਕਰਦਾ ਹੈ ਤਾਂ ਵੀ ਉਸ ਨੂੰ ਨੁਕਸਾਨ ਨਹੀਂ ਹੋਵੇਗਾ ਤੇ ਨਾ ਹੀ ਵੱਧ ਬਿੱਲ ਆਏਗਾ।