Punjab Police seeks : ਚੰਡੀਗੜ੍ਹ : ਪੰਜਾਬ ਪੁਲਿਸ ਨੇ ਕੋਵਿਡ-19 ਬਾਰੇ ਸੋਸ਼ਲ ਮੀਡੀਆ ‘ਤੇ ਕੋਵਿਡ ਮਰੀਜ਼ਾਂ ਦੇ ਅੰਗ ਕੱਢਣ ਵਰਗੇ ਗਲਤ ਪ੍ਰਚਾਰ ਤੇ ਝੂਠੀਆਂ ਅਫਵਾਹ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਦੇ ਮੱਦੇਨਜ਼ਰ ਵੀਰਵਾਰ ਨੂੰ ਅਜਿਹਾ ਝੂਠਾ ਪ੍ਰਚਾਰ ਕਰਨ ਵਾਲੇ 45 ਲਿੰਕਜ਼ ਨੂੰ ਬਲਾਕ ਕਰਨ ਲਈ ਕੇਂਦਰ ਕੋਲ ਪਹੁੰਚ ਕੀਤੀ ਜਿਨ੍ਹਾਂ ਖਿਲਾਫ ਸਬੰਧਤ ਸੋਸ਼ਲ ਮੀਡੀਆ ਪਲਟੇਫਾਰਮ ਨੋਟਿਸ ਦਿੱਤੇ ਜਾਣ ਦੇ ਬਾਵਜੂਦ ਵੀ ਕਾਰਵਾਈ ਕਰਨ ‘ਚ ਅਸਫਲ ਰਹੇ ਹਨ। ਸੂਬੇ ਵੱਲੋਂ ਨੋਟਿਸ ਦਿੱਤੇ ਜਾਣ ਦੇ 36 ਘੰਟਿਆਂ ਦੇ ਅੰਦਰ ਉਕਤ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨੀ ਲਾਜ਼ਮੀ ਹੈ।
DGP ਗੁਪਤਾ ਨੇ ਦੱਸਿਆ ਕਿ 13 ਹੋਰ ਨਵੇਂ ਖਾਤੇ/ਲਿੰਕ ਬਲਾਕ ਕਰਨ ਦੇ ਨਾਲ ਝੂਠਾ ਪ੍ਰਚਾਰ ਕਰਨ ਲਈ ਸੂਬੇ ਵਿੱਚ ਬਲਾਕ ਕੀਤੇ ਯੂ.ਆਰ.ਐਲਜ਼/ਲਿੰਕਜ਼ ਦੀ ਗਿਣਤੀ ਹੁਣ 121 ਹੋ ਗਈ ਜਦੋਂ ਕਿ ਕੇਂਦਰ ਸਰਕਾਰ 45 ਮਾਮਲਿਆਂ ਵਿੱਚ ਕੇਂਦਰ ਸਰਕਾਰ ਦਾ ਦਖਲ ਮੰਗਿਆ ਹੈ। ਫੇਸਬੁੱਕ ਨੇ 47 ਬਲਾਕ ਕੀਤੇ ਹਨ ਜਦੋਂ ਕਿ ਟਵਿੱਟਰ ਨੇ 52, ਯੂ.ਟਿਊਬ ਨੇ 21 ਤੇ ਇੰਸਟਾਗ੍ਰਾਮ ਨੇ 1 ਖਾਤਾ/ਲਿੰਕ ਆਪੋ-ਆਪਣੇ ਪਲੇਟਫਾਰਮ ਤੋਂ ਬਲਾਕ ਕੀਤਾ। ਡੀ.ਜੀ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਨਫਰਤ ਅਤੇ ਝੂਠੀ ਸਮੱਗਰੀ ਪੋਸਟ ਕਰਨ ਵਾਲੇ ਅਜਿਹੇ 292 ਹੋਰ ਯੂ.ਆਰ.ਐਲਜ਼/ਲਿੰਕਜ਼ ਨੂੰ ਬਲੌਕ ਕਰਨ ਲਈ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਨੇ ਫਾਸਟਵੇਅ ਟੀ.ਵੀ. ਯੂ.ਐਸ.ਏ. ਅਤੇ ਫਾਸਟਵੇਅ ਨਿਊਜ਼ ਦੇ ਐਂਕਰਾਂ ਖਿਲਾਫ ਆਸ਼ਾ ਵਰਕਰਾਂ ਬਾਰੇ ਗੁੰਮਰਾਹਕੁੰਨ ਤੱਥ ਫੈਲਾਉਣ ਦੀਆਂ ਕੋਸ਼ਿਸ਼ਾਂ ਕਰਨ ‘ਤੇ ਮਾਮਲਾ ਦਰਜ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਕਮ ਦਿੱਤੇ ਸਨ ਕਿ ਜੇਕਰ ਵਿਦੇਸ਼ੀ ਮੁਲਕਾਂ ਵਿੱਚ ਅਜਿਹੇ ਸ਼ਰਾਰਤੀ ਅਨਸਰ ਕੂੜ ਪ੍ਰਚਾਰ ਤੇ ਝੂਠੀ ਜਾਣਕਾਰੀ ਨਾਲ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
DGP ਨੇ ਦੱਸਿਆ ਕਿ ਇਸ ਤੋਂ ਇਲਾਵਾ 45 ਲਿੰਕ ਜਿਨ੍ਹਾਂ ਬਾਰੇ ਸੋਸ਼ਲ ਮੀਡੀਆ ਨੋਟਿਸ ਜਾਰੀ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਬਲਾਕ ਕਰਨ ‘ਚ ਅਸਫਲ ਰਹੇ ਹਨ, ਇਸ ਲਈ ਭਾਰਤ ਸਰਕਾਰ ਦੇ ਇਲੈਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੇ ਸਾਈਬਰ ਲਾਅ ਡਵੀਜ਼ਨ ਨੂੰ ਪੱਤਰ ਭੇਜਿਆ ਜਾ ਚੁੱਕਾ ਹੈ। ਪੰਜਾਬ ਦੇ ਸਟੇਟ ਸਾਈਬਰ ਕਰਾਈਮ ਸੈਲ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿੱਚ ਲੋਕ ਵਿਵਸਥਾ ਦੀ ਸੁਰੱਖਿਆ ਅਤੇ ਬਚਾਅ ਦੇ ਹਿੱਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਕੋਵਿਡ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਗੈਰ-ਪ੍ਰਮਾਣਿਤ/ਗਲਤ ਪੋਸਟਾਂ, ਖ਼ਬਰਾਂ, ਵੀਡਿਓਜ਼ ਜਾਂ ਕਹਾਣੀਆਂ ਸਾਂਝਾ ਨਾ ਕਰਨ।