The Chief Minister : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Covid-19 ਲਈ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸੂਬੇ ‘ਚ ਅਗਲੇ ਦੋ ਹਫਤਿਆਂ ‘ਚ ਕੋਰੋਨਾ ਵਾਇਰਸ ਆਪਣੀ ਚਰਮ ਸੀਮਾ ‘ਤੇ ਹੋਵੇਗਾ। ਇਸ ਲਈ ਹੁਣ ਜ਼ਿਆਦਾ ਸਾਵਧਾਨ ਰਹਿਣ ਦੀ ਲੋੜ ਹੈ। ਲੋਕ ਕੋਰੋਨਾ ਨੂੰ ਲੈ ਕੇ ਦਿੱਤੇ ਗਏ ਗਾਈਡਲਾਈਨ ਦਾ ਪਾਲਣ ਕਰਨ। ਕੋਵਿਡ ਨੂੰ ਲੈ ਕੇ ਕਾਂਗਰਸ ਦੇ ਵਿਧਾਇਕਾਂ ਨਾਲ ਵਰਚੂਅਲ ਬੈਠਕ ‘ਚ ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦੋ ਹਫਤਿਆਂ ‘ਚ ਸੂਬੇ ‘ਚ ਕੋਰੋਨਾ ਮਹਾਮਾਰੀ ਦੇ ਸਿਖਰ ਨੂੰ ਛੂਹਣ ਦੀ ਸੰਭਾਵਨਾ ਹੈ। ਅਜਿਹੇ ‘ਚ ਸੂਬੇ ਦੇ ਸਾਰੇ ਮੰਤਰੀ ਤੇ ਕਾਂਗਰਸੀ ਵਿਧਾਇਕ ਜਮੀਨੀ ਹਕੀਕਤ ਜਾਣਨ ਲਈ ਆਉਣ ਵਾਲੇ ਤਿੰਨ ਦਿਨਾਂ ‘ਚ ਆਪਣੇ ਜਿਲ੍ਹਿਆਂ ਤੇ ਹਲਕਿਆਂ ਦਾ ਦੌਰਾ ਕਰਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ‘ਚ ਟੈਸਟਾਂ ਦੀ ਗਿਣਤੀ 28000 ਦੇ ਨੇੜੇ ਪੁੱਜ ਗਈ ਹੈ। ਜਲਦ ਹੀ ਇਹ ਗਿਣਤੀ 30,000 ਦੇ ਪਾਰ ਹੋਵੇਗੀ। ਵਿਧਾਇਕ ਤੇ ਅਧਿਕਾਰੀ ਮਿਲ ਕੇ ਇਸ ਸੰਕਟ ਦਾ ਸਾਹਮਣਾ ਕਰਨ ਲਈ ਕੰਮ ਕਰਨ। ਆਮ ਆਦਮੀ ਪਾਰਟੀ ਨੂੰ ਕੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ਆਪ’ ਵਾਲਿਆਂ ਨੇ ਮਹਾਮਾਰੀ ਨੂੰ ਮੁਕਾਬਲੇ ਦਾ ਵਿਸ਼ਾ ਬਣਾਇਆ ਹੋਇਆ ਹੈ ਜੋ ਕਿ ਹੈਰਾਨ ਕਰ ਦੇਣਾ ਵਾਲਾ ਹੈ। ਮੀਟਿੰਗ ‘ਚ ਸੋਸ਼ਲ ਮੀਡੀਆ ਅਤੇ ਚੈਨਲਾਂ ‘ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ, ਆਈਸੋਲੇਸ਼ਨ ਵਾਰਡਾਂ ‘ਚ ਸੀ. ਸੀ. ਟੀ. ਵੀ. ਲਗਾਉਣ, ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਆਪਣੇ ਖਰਚੇ ‘ਤੇ ਪੀ. ਪੀ. ਈ. ਕਿੱਟਾਂ ਪਹਿਨ ਕੇ ਆਈਸੋਲੇਸ਼ਨ ਵਾਰਡਾਂ ‘ਚ ਜਾਣ ਦੀ ਆਗਿਆ ਦੇਣ ਅਤੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਧ ਪੈਸੇ ਵਸੂਲਣ ਦਾ ਮੁੱਦਾ ਵੀ ਚੁੱਕਿਆ ਗਿਆ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਦੇਸ਼ ਤੋਂ ਆਉਣ ਵਾਲੇ ਹੁਣ ਘਰੇਲੂ ਏਕਾਂਤਵਾਸ ‘ਚ ਰਹਿ ਸਕਦੇ ਹਨ ਬਸ਼ਰਤੇ ਉਨ੍ਹਾਂ ਕੋਲ 96 ਘੰਟਿਆਂ ਤੱਕ ਦਾ ਕੋਵਿਡ ਨੈਗੇਟਿਵ ਸਰਟੀਫਿਕੇਟ ਹੋਵੇ। ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਵਿਦੇਸ਼ੀ ਯਾਤਰੀ ਹਵਾਈ ਅੱਡੇ ‘ਤੇ ਪਹੁੰਚਦੇ ਹੀ ਆਪਣਾ ਟੈਸਟ ਕਰਵਾਉਣਗੇ ਅਤੇ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਹ ਘਰ ‘ਚ ਹੀ ਏਕਾਂਤਵਾਸ ਕਰ ਸਕਦੇ ਹਨ। ਦੂਜੇ ਪਾਸੇ ਪੰਜਾਬ ਸਰਕਾਰ ਨੇ ਸੂਬੇ ‘ਚ ਧਾਰਮਿਕ ਥਾਵਾਂ ਦੇ ਖੋਲ੍ਹਣ ‘ਤੇ ਲਗਾਈ ਪਾਬੰਦੀ ‘ਚ ਰਾਹਤ ਦਿੱਤੀ ਹੈ। ਹੁਣ ਰੋਜ਼ਾਨਾ ਧਾਰਮਿਕ ਥਾਂ ਰਾਤ 9 ਵਜੇ ਤੱਕ ਖੋਲ੍ਹੇ ਜਾ ਸਕਣਗੇ।