SIT is conducting : ਹੁਸ਼ਿਆਰਪੁਰ : 29 ਸਾਲ ਪੁਰਾਣੇ ਸੀਨੀਅਰ IAS ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਉਹ ਕਈ ਦਿਨਾਂ ਤੋਂ ਪੁਲਿਸ ਤੋਂ ਬਚ ਰਹੇ ਹਨ। ਇੰਨਾ ਹੀ ਨਹੀਂ ਉਹ ਆਪਣੀ ਜ਼ੈੱਡ ਪਲੱਸ ਸੁਰੱਖਿਆ ਵੀ ਛੱਡ ਗਏ ਹਨ। ਮੋਹਾਲੀ ਪੁਲਿਸ ਵੱਲੋਂ ਇਸ ਮਾਮਲੇ ਲਈ ਗਠਿਤ SIT ਵੱਲੋਂ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਦਿੱਲੀ ਸਮੇਤ ਕਈ ਸੂਬਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੰਜਾਬ ਐਂਡ ਹਰਿਆਣਾ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੈਣੀ ਹੁਣ ਸੁਪਰੀਮ ਕੋਰਟ ਪਹੁੰਚ ਗਏ। ਉਨ੍ਹਾਂ ਦੇ ਵਕੀਲਾਂ ਵੱਲੋਂ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ ਤੇ ਸੋਮਵਾਰ ਨੂੰ ਕੇਸ ‘ਤੇ ਸੁਣਵਾਈ ਹੋਈ ਹੈ। ਉਥੇ ਦੂਜੇ ਪਾਸੇ ਪੁਲਿਸ ਉਨ੍ਹਾਂ ਨੂੰ ਇਸ ਤੋਂ ਪਹਿਲਾਂ ਗ੍ਰਿਫਤਾਰ ਕਰਨ ਦੀ ਤਿਆਰੀ ‘ਚ ਹੈ। ਬਲਵੰਤ ਸਿੰਘ ਮੁਲਤਾਨੀ ਅਗਵਾ ਤੇ ਹੱਤਿਆ ਮਾਮਲੇ ‘ਚ ਇਸੇ ਸਾਲ ਮਈ ‘ਚ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਤੇ ਚੰਡੀਗੜ੍ਹ ਦੇ 8 ਪੁਲਿਸ ਮੁਲਾਜ਼ਮਾਂ ‘ਤੇ ਕੇਸ ਦਰਜ ਹੋਇਆ ਸੀ। ਅਗਵਾ ਮਾਮਲੇ ‘ਚ ਸੈਣੀ ਨੂੰ ਜ਼ਮਾਨਤ ਮਿਲ ਗਈ ਸੀ। ਅਜਿਹੇ ‘ਚ ਪੁਲਿਸ ਉਨ੍ਹਾਂ ਦੀ ਗ੍ਰਿਫਤਾਰੀ ਨਹੀਂ ਕਰ ਸਕੀ ਸੀ। ਹਾਲਾਂਕਿ ਸੈਣੀ ਨੂੰ ਉਸੇ ਸਮੇਂ ਸ਼ੱਕ ਹੋ ਗਿਆ ਸੀ ਕਿ ਪੁਲਿਸ ਅੱਗੇ ਚੱਲ ਕੇ ਇਸ ਮਾਮਲੇ ‘ਚ ਉਨ੍ਹਾਂ ‘ਤੇ ਹੱਤਿਆ ਦੀ ਧਾਰਾ ਲਗਾ ਸਕਦੀ ਹੈ। ਉਨ੍ਹਾਂ ਨੇ ਜਿਲ੍ਹਾ ਅਦਾਲਤ ‘ਚ ਇਸ ਸਬੰਧੀ ਜ਼ਮਾਨਤ ਪਟੀਸ਼ਨ ਲਗਾ ਦਿੱਤੀ ਸੀ ਪਰ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ।
ਇਸ ਤੋਂ ਬਾਅਦ ਸੈਣੀ ਨਾਲ ਕੇਸ ‘ਚ ਦੋ ਦੋਸ਼ੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਸਰਕਾਰੀ ਗਵਾਹ ਬਣ ਗਏ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ‘ਤੇ ਹੱਤਿਆ ਦੀ ਧਾਰਾ ਲਗਾ ਦਿੱਤੀ ਸੀ। ਇਸ ਤੋਂ ਬਾਅਦ ਤੋਂ ਸੈਣੀ ਪੁਲਿਸ ਤੋਂ ਬਚ ਰਹੇ ਹਨ। ਉਨ੍ਹਾਂ ਦੀ ਹੱਤਿਆ ਕੇਸ ‘ਚ ਜ਼ਮਾਨਤ ਲਈ ਮੋਹਾਲੀ ਜਿਲ੍ਹਾ ਅਦਾਲਤ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਲਗਾਈਆਂ ਪਟੀਸ਼ਨਾਂ ਖਾਰਜ ਹੋ ਚੁੱਕੀਆਂ ਹਨ। ਸੈਣੀ ਆਪਣੇ ਘਰ ਤੋਂ ਗਾਇਬ ਹੈ। ਇਹ ਮਾਮਲਾ 1991 ਦਾ ਹੈ ਜਦੋਂ ਸਾਬਕਾ ਡੀ. ਜੀ. ਪੀ. ਚੰਡੀਗੜ੍ਹ ਦੇ SSP ਸਨ। ਇਸ ਦੌਰਾਨ ਉਨ੍ਹਾਂ ‘ਤੇ ਅੱਤਵਾਦੀ ਹਮਲਾ ਹੋਇਆ ਸੀ। ਇਸ ‘ਚ ਸੈਣੀ ਬੱਚ ਗਏ ਸਨ ਜਦੋਂ ਕਿ ਉਨ੍ਹਾਂ ਦੇ ਤਿੰਨ ਗੰਨਮੈਨ ਮਾਰੇ ਗਏ ਸਨ। ਦੋਸ਼ ਹੈ ਕਿ ਇਸ ਤੋਂ ਬਾਅਦ ਸੈਣੀ ਨੇ ਮੋਹਾਲੀ ਤੋਂ ਬਲਵੰਤ ਸਿੰਘ ਮੁਲਤਾਨੀ ਨੂੰ ਘਰ ਤੋਂ ਜ਼ਬਦਸਤੀ ਚੁਕਵਾਇਆ ਸੀ ਜਿਸ ਤੋਂ ਬਾਅਦ ਉਹ ਘਰ ਨਹੀਂ ਆਇਆ। ਇਹ ਮਾਮਲਾ ਪਹਿਲਾਂ ਸੁਪਰੀਮ ਕੋਰਟ ਤੱਕ ਜਾ ਪੁੱਜਾ ਹੈ।