5 Oxygen Supplier : ਚੰਡੀਗੜ੍ਹ : ਕੋਰੋਨਾ ਦੇ ਵਧਦੇ ਮਰੀਜ਼ਾਂ ਨੂੰ ਦੇਖਦੇ ਹੋਏ ਪੰਜਾਬ ‘ਚ ਜਲੰਧਰ ਸਮੇਤ ਕੁਝ ਹਿੱਸਿਆਂ ‘ਚ ਮੈਡੀਕਲ ਆਕਸੀਜਨ ਦੀ ਕਮੀ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਇਸ ਕਮੀ ਨੂੰ ਦੂਰ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇੱਕ ਪਾਸੇ ਸਰਕਾਰ ਨੇ ਆਕਸੀਜਨ ਮੈਨਿਊਫੈਕਚਰਸ ਨੂੰ ਇੰਡਸਟਰੀ ‘ਚ ਸਪਲਾਈ ਘਟਾਕੇ ਹਸਪਤਾਲਾਂ ‘ਚ ਸਪਲਾਈ ਦੇਣ ‘ਤੇ ਜ਼ੋਰ ਦਿੱਤਾ ਹੈ। ਦੂਜੇ ਪਾਸੇ ਸੋਲਨ (ਹਿਮਾਚਲ ਪ੍ਰਦੇਸ਼), ਪਾਨੀਪਤ (ਹਰਿਆਣਾ) ਤੇ ਦੇਹਰਾਦੂਨ (ਉਤਰਾਖੰਡ) ਦੇ ਤਿੰਨ ਵੱਡੇ ਲੀਕਵਡ ਆਕਸੀਜਨ ਸਪਲਾਇਰ ਨਾਲ ਵੀ ਸੰਪਰਕ ਕੀਤਾ ਹੈ।
ਜਿਲ੍ਹੇ ‘ਚ ਆਕਸੀਜਨ ਦੀ ਸਪਲਾਈ ਲਈ ਸਰਕਾਰ ਨੇ ਸਥਾਨਕ ਲੋਕਲ ਬਾਡੀਜ਼ ਦੇ ਡਿਪਟੀ ਡਾਇਰੈਕਟਰ ਅਮਿਤ ਬਾਂਬੀ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਆਕਸੀਜਨ ਸਿਲੰਡਰਾਂ ਦੇ ਉਤਪਾਦਨ ਤੇ ਦੁਬਾਰਾ ਭਰਨ ਲਈ ਪ੍ਰਬੰਧ ਕੀਤੇ ਹਨ। ਸੂਬੇ ‘ਚ ਇਨ੍ਹਾਂ ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 5 ਆਕਸੀਜਨ ਸਪਲਾਇਰ (ਹਰਪ੍ਰੀਤ ਕ੍ਰਾਯੋਜੀਨਿਕਸ, ਜੀ. ਡੀ. ਆਰ. ਗੈਸੇਜ, ਵੈਲਟੇਕ ਇਕਵਿਪਮੈਂਟਸ, ਬੀ. ਓ. ਸੀ. ਗੈਸੇਜ ਅਤੇ ਅਪਰਨਾ ਗੈਸੇਜ) ਨੂੰ ਮੈਡੀਕਲ ਆਕਸੀਜਨ ਰੀਪੈਕਿੰਗ ਲਾਇਸੈਂਸ ਜਾਰੀ ਕੀਤੇ ਗਏ ਹਨ। ਲੁਧਿਆਣਾ ਦੀ ਇੱਕ ਇੰਡਸਟਰੀ ਨੂੰ ਮੈਡੀਕਲ ਆਕਸੀਜਨ ਦੇ ਉਤਪਾਦਨ ਲਈ ਲਾਇਸੈਂਸ ਜਾਰੀ ਕੀਤਾ ਗਿਆ ਹੈ। ਇੰਡਸਟਰੀ ਵਿਭਾਗ ਦੇ ਡਾਇਰੈਕਟਰ ਸਿੱਬਨ ਸੀ, ਮੁਤਾਬਕ ਸੂਬੇ ‘ਚ ਛੋਟੇ ਪੱਧਰ ‘ਤੇ 16 ਇਕਾਈਆਂ ਆਕਸੀਜਨ ਦੀ ਮੈਨੂਫੈਕਚਰਿੰਗ ਕਰ ਰਹੀਆਂ ਸਨ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਕਸਜੀਨ ਦੀ ਕਮੀ ਨੂੰ ਲੈ ਕੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਡੀ. ਸੀ. ਦੀਆਂ ਕੋਸ਼ਿਸ਼ਾਂ ਕਾਰਨ ਲੁਧਿਆਣਾ ‘ਚ ਰੋਜ਼ਾਨਾ 800 ਆਕਸੀਜਨ ਸਿਲੰਡਰਾਂ ਦੇ ਉਤਪਾਦਨ ਅਤੇ 3000 ਸਿਲੰਡਰਾਂ ਦੀ ਭਰਾਈ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਕਲ ਜਿਲ੍ਹਾ ਜਲੰਧਰ ‘ਚ ਰਿਕਾਰਡਤੋੜ ਕੋਰੋਨਾ ਕੇਸ ਸਾਹਮਣੇ ਆਏ। 347 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ ਜੋ ਕਿ ਜਿਲ੍ਹੇ ‘ਚ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ।