Former DGP Sumedh : 29 ਸਾਲ ਪੁਰਾਣੇ IAS ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਦੇ ਅਗਵਾ ਤੇ ਹੱਤਿਆ ਦੇ ਮਾਮਲੇ ‘ਚ ਪੰਜਾਬ ਪੁਲਿਸ ਦੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਸੈਣੀ ਨੇ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਉਨ੍ਹਾਂ ਦੇ ਵਕੀਲਾਂ ਵੱਲੋਂ ਲਗਾਈ ਗਈ ਪਟੀਸ਼ਨ ‘ਚ ਕੁਝ ਦਸਤਾਵੇਜ਼ਾਂ ਦੀ ਕਮੀ ਰਹਿ ਗਈ ਸੀ। ਇਸ ਕਾਰਨ ਉਨ੍ਹਾਂ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਪੈਂਡਿੰਗ ਕੇਸਾਂ ਦੀ ਸੂਚੀ ‘ਚ ਪਾ ਦਿੱਤਾ ਗਿਆ ਹੈ।
ਸ਼ਨੀਵਾਰ-ਐਤਵਾਰ ਦੀ ਛੁੱਟੀ ਕਾਰਨ ਸੋਮਵਾਰ ਨੂੰ ਹੀ ਸੈਣੀ ਦੀ ਪਟੀਸ਼ਨ ਲੱਗੇਗੀ। ਅਜਿਹੇ ਵਿਚ ਹੁਣ ਪੰਜਾਬ ਪੁਲਿਸ ਵੱਲੋਂ ਗਠਿਤ SIT ਨੂੰ ਉਨ੍ਹਾਂ ਨੂੰ ਗ੍ਰਿਫਤਾਰੀ ਕਰਨ ਲਈ ਹੋਰ ਸਮਾਂ ਮਿਲ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਲਵੰਤ ਸਿੰਘ ਮੁਲਤਾਨੀ ਅਗਵਾ ਕੇਸ ‘ਚ ਸਾਬਕਾ ਡੀ. ਜੀ. ਪੀ. ਸੈਣੀ ਖਿਲਾਫ ਹੱਤਿਆ ਦੀ ਧਾਰਾ ਅਗਸਤ ਦੇ ਆਖਿਰ ‘ਚ ਲਗਾਈ ਗਈ ਸੀ। ਇਥੋਂ ਤੱਕ ਕਿ ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਹੈ ਕਿ ਉਹ ਕਿਥੇ ਹਨ।
ਹਾਲਾਂਕਿ ਉਨ੍ਹਾਂ ਦੇ ਵਕੀਲ ਉਨ੍ਹਾਂ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਜਦੋਂ ਹੱਤਿਆ ਦੀ ਧਾਰਾ ਲੱਗਣ ਤੋਂ ਬਾਅਦ ਸੈਣੀ ਦੀ ਜ਼ਮਾਨਤ ਪਟੀਸ਼ਨ ਮੋਹਾਲੀ ਜਿਲ੍ਹਾ ਅਦਾਲਤ ‘ਚ ਸੀ। ਇਸੇ ਦੌਰਾਨ ਐੱਸ. ਆਈ. ਟੀ. ਨੇ ਛਾਪੇਮਾਰੀ ਕਰ ਦਿੱਤੀ ਸੀ। ਜਿਵੇਂ ਹੀ ਉਨ੍ਹਾਂ ਦੇ ਵਕੀਲਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪਟੀਸ਼ਨ ਲਗਾ ਕੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਅਦਾਲਤ ਨੇ ਸੈਣੀ ਦੀ ਗ੍ਰਿਫਤਾਰੀ ‘ਤੇ ਦੋ ਦਿਨ ਦੀ ਰੋਕ ਤੱਕ ਲਗਾ ਦਿੱਤੀ। ਇਸ ਤੋਂ ਬਾਅਦ ਜਿਵੇਂ ਹੀ ਅਦਾਲਤ ‘ਚ ਸੁਣਵਾਈ ਹੋਈ ਤਾਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ। ਸ਼ੁੱਕਰਵਾਰ ਨੂੰ ਸੈਣੀ ਦੀ ਭਾਲ ‘ਚ ਪੁਲਿਸ ਟੀਮਾਂ ਨੇ ਦਿੱਲੀ, ਹਿਮਾਚਲ ਪ੍ਰਦੇਸ਼ ਤੇ ਸੈਣੀ ਦੇ ਜੱਦੀ ਪਿੰਡ ਹੁਸ਼ਿਆਰਪੁਰ ‘ਚ ਛਾਪੇਮਾਰੀ ਕੀਤੀ ਤੇ ਉਥੋਂ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਪਰ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਸੈਣੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।