Young man attacked : ਤਰਨਤਾਰਨ ਦੇ ਕਸਬਾ ਘਰਿਆਲਾ ਵਿਖੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਲਗਭਗ 50 ਦੇ ਕਰੀਬ ਵਿਅਕਤੀਆਂ ਨੇ ਇੱਕ ਘਰ ‘ਤੇ ਹਮਲਾ ਕਰਕੇ ਨੌਜਵਾਨ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜਾਣਕਾਰੀ ਦਿੰਦਿਆਂ ਲਵਪ੍ਰੀਤ ਸਿੰਘ ਲਵ ਨੇ ਦੱਸਿਆ ਕਿ ਅੱਜ ਜਦੋਂ ਉਹ ਫੁੱਟਬਾਲ ਖੇਡ ਕੇ ਵਾਪਸ ਆ ਰਿਹਾ ਸੀ ਤਾਂ ਪਿੰਡ ਘਰਿਆਲਾ ਸਟੇਸ਼ਨ ਨੇੜੇ ਜੋਗਾ ਸਿੰਘ ਸਮੇਤ 50 ਦੇ ਨੇੜੇ-ਤੇੜੇ ਵਿਅਕਤੀ ਉਥੇ ਕ੍ਰਿਪਾਨਾਂ ਲੈ ਕੇ ਖੜ੍ਹੇ ਹੋਏ ਸਨ। ਉਨ੍ਹਾਂ ਨੇ ਮੇਰੇ ‘ਤੇ ਹਮਲਾ ਕਰ ਦਿੱਤਾ ਤੇ ਮੈਨੂੰ ਗੰਭੀਰ ਤੌਰ ‘ਤੇ ਜ਼ਖਮੀ ਕਰ ਦਿੱਤਾ। ਮੈਂ ਕਿਸੇ ਤਰ੍ਹਾਂ ਉਥੋਂ ਭੱਜ ਕੇ ਜਾਨ ਬਚਾਈ ਤੇ ਆਪਣੇ ਘਰ ਵਾਪਸ ਆ ਗਿਆ ਪਰ ਇਹ ਸਾਰੇ ਮੇਰਾ ਪਿੱਛਾ ਕਰਦੇ ਹੋਏ ਮੇਰੇ ਘਰ ‘ਚ ਆ ਗਏ।
ਇਸੇ ਬਾਰੇ ਹੋਰ ਦੱਸਦੇ ਹੋਏ ਲਵਪ੍ਰੀਤ ਦੀ ਮਾਂ ਨੇ ਦੱਸਿਆ ਕਿ ਘਰ ਦੇ ਬਾਹਰ ਬਹੁਤ ਜ਼ਿਆਦਾ ਰੌਲਾ ਪੈ ਰਿਹਾ ਸੀ ਤੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਮੈਂ ਦੇਖਿਆ ਕਿ ਮੇਰਾ ਪੁੱਤਰ ਲਵਪ੍ਰੀਤ ਗੰਭੀਰ ਤੌਰ ‘ਤੇ ਜ਼ਖਮੀ ਸੀ, ਫਿਰ ਮੈਂ ਉਸ ਨੂੰ ਘਰ ਦੇ ਅੰਦਰ ਵਾੜ ਦਿੱਤਾ ਤੇ ਦਰਵਾਜ਼ਾ ਬੰਦ ਕਰ ਦਿੱਤਾ ਪਰ ਕੁਝ ਹੀ ਦੇਰ ‘ਚ ਹਮਲਾਵਰ ਘਰ ‘ਚ ਵੀ ਦਾਤਰਾਂ ਤੇ ਕ੍ਰਿਪਾਨਾਂ ਲੈ ਕੇ ਦਾਖਲ ਹੋ ਗਏ ਤੇ ਉਨ੍ਹਾਂ ਨੇ ਘਰ ‘ਚ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਲਵਪ੍ਰੀਤ ਨੇ ਦੱਸਿਆ ਕਿ ਮੈਂ ਕਿਸੇ ਤਰ੍ਹਾਂ ਘਰ ਦੇ ਪਿਛਲੇ ਦਰਵਾਜ਼ੇ ਤੋਂ ਭੱਜਿਆ। ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ ਹੈ ਤੇ ਪਰਿਵਾਰਕ ਮੈਂਬਰਾਂ ਨੇ SSP ਤਰਨਤਾਰਨ ਤੋਂ ਮੰਗ ਕੀਤੀ ਹੈ ਕਿ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇ।
ਦੂਜੇ ਪਾਸੇ ਜੋਗਾ ਸਿੰਘ ਦਾ ਕਹਿਣਾ ਹੈ ਕਿ ਉਸ ‘ਤੇ ਲਗਾਏ ਗਏ ਸਾਰੇ ਇਲਜ਼ਾਮ ਬੇਬੁਨਿਆਦ ਹਨ। ਉਸ ਦਾ ਕਹਿਣਾ ਹੈ ਕਿ ਮੈਂ ਲਵ ਦੇ ਘਰ ਜਾ ਕੇ ਕੋਈ ਭੰਨ ਤੋੜ ਨਹੀਂ ਕੀਤੀ ਉਲਟਾ ਸਗੋਂ ਲਵਲੀ ਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੈਨੂੰ ਗੰਭੀਰ ਤੌਰ ‘ਤੇ ਜ਼ਖਮੀ ਕਰ ਦਿੱਤਾ। ਪੁਲਿਸ ਚੌਕੀ ਘਰਿਆਲਾ ਦੇ ਇੰਚਾਰਜ ASI ਨਰਿੰਦਰ ਸਿੰਘ ਨੇ ਦੱਸਿਆ ਕਿ ਲਵਪ੍ਰੀਤ ਤੇ ਜੋਗਾ ਸਿੰਘ ਵਿਚਾਲੇ ਝਗੜਾ ਹੋਇਆ ਸੀ। ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।