Not to reopen : ਪੰਜਾਬ ‘ਚ ਕੋਰੋਨਾ ਆਪਣੀ ਚਰਮ ਸੀਮਾ ‘ਤੇ ਹੈ ਤੇ ਬੱਚੇ ਵੀ ਹੁਣ ਇਸ ਦੀ ਲਪੇਟ ‘ਚ ਆਉਣ ਲੱਗੇ ਹਨ। ਸ਼ਨੀਵਾਰ ਨੂੰ ਜਲੰਧਰ ‘ਚ 12 ਅਤੇ ਖੰਨੇ ‘ਚ ਦੋ ਬੱਚੇ ਇਸ ਦੀ ਚਪੇਟ ‘ਚ ਆਏ। ਇਹੀ ਨਹੀਂ, ਜਲੰਧਰ ‘ਚ ਇੱਕ ਗਰਭਵਤੀ ਔਰਤ ਦੀ ਪਾਜੀਟਿਵ ਪਾਈ ਗਈ ਹੈ। ਸ਼ਨੀਵਾਰ ਨੂੰ ਸੂਬੇ ‘ਚ 2631 ਲੋਕ ਕੋਰੋਨਾ ਪੀੜਤ ਪਾਏ ਗਏ। ਇਸ ਦੇ ਨਾਲ ਹੀ 81 ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਰਾਹਤ ਦੀ ਗੱਲ ਇਹ ਹੈ ਕਿ ਇੱਕ ਦਿਨ ‘ਚ 2077 ਲੋਕ ਕੋਰੋਨਾ ਨੂੰ ਮਾਤ ਦੇਣ ‘ਚ ਸਫਲ ਹੋਏ ਹੈ। ਇਸ ਤਰ੍ਹਾਂ ਸੂਬੇ ‘ਚ ਕੁੱਲ 77183 ਪੀੜਤਾਂ ‘ਚੋਂ 55,385 ਲੋਕ ਸਿਹਤਮੰਦ ਹੋ ਚੁੱਕੇ ਹਨ।
ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਕੋਰੋਨਾ ਮਹਾਮਾਰੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ। ਕੋਰੋਨਾ ਪੀੜਤ ਕੇਸਾਂ ਤੇ ਮੌਤ ਦਰ ‘ਚ ਕਾਫੀ ਵਾਧਾ ਹੋ ਰਿਹਾ ਹੈ। ਇਸ ਲਈ ਸਰਕਾਰ ਨੇ ਸਕੂਲਾਂ ਨੂੰ ਹੁਣ ਬੰਦ ਰੱਖਣ ਦਾ ਹੀ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਲਈ ਸਕੂਲਾਂ ਨੂੰ ਹੁਣ ਨਹੀਂ ਖੋਲ੍ਹਿਆ ਜਾ ਸਕਦਾ। ਉਨ੍ਹਾਂ ਸਾਫ ਕੀਤਾ ਕਿ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਘੱਟ ਹੋਣ ਤੋਂ ਬਾਅਦ ਹੀ ਸਕੂਲਾਂ ਨੂੰ ਖੋਲ੍ਹਿਆ ਜਾਵੇਗਾ। ਕੋਰੋਨਾ ਮਹਾਮਾਰੀ ਨਾਲ ਜੰਗ ‘ਚ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਪਿਮਸ) ਨੇ ਵੀ ਆਪਣੀ ਕਮਰ ਕੱਸ ਲਈ ਹੈ। ਜਲਦ ਹੀ ਇਥੇ ਕੋਰੋਨਾ ਦੇ ਐਂਟੀਜਨ ਅਤੇ ਆਰ. ਟੀ. ਪੀ. ਸੀ. ਆਰ. ਟੈਸਟ ਸ਼ੁਰੂ ਹੋਣ ਜਾ ਰਹੇ ਹਨ ਜੋ ਸਰਕਾਰ ਵੱਲੋਂ ਨਿਰਧਾਰਤ ਰੇਟ ‘ਤੇ ਹੋਣਗੇ।
ਸੂਬਾ ਸਰਕਾਰ ਵੱਲੋਂ ਜਾਰੀ ਅੰਕੜਿਆਂ ‘ਤੇ ਨਜ਼ਰ ਮਾਰੀ ਜਾਵੇ ਤਾਂ ਹੁਣ ਵੀ 82 ਲੋਕਾਂ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ। 521 ਲੋਕ ਆਕਸੀਜਨ ਸਪੋਰਟ ‘ਤੇ ਰੱਖੇ ਗਏ ਹਨ। ਸ਼ਨੀਵਾਰ ਨੂੰ ਲੁਧਿਆਣਾ ‘ਚ 435, ਜਲੰਧਰ ‘ਚ 313, ਮੋਹਾਲੀ ‘ਚ 307, ਅੰਮ੍ਰਿਤਸਰ ‘ਚ 292, ਪਟਿਆਲਾ ‘ਚ 253, ਹੁਸ਼ਿਆਰਪੁਰ ‘ਚ 125 ਅਤੇ ਗੁਰਦਾਸਪੁਰ ‘ਚ 123 ਲੋਕ ਇੰਫੈਕਟਿਡ ਪਾਏ ਗਏ। ਇਸੇ ਤਰ੍ਹਾਂ ਲੁਧਿਆਣਾ ‘ਚ 13, ਜਲੰਧਰ ‘ਚ 11 ਤੇ ਅੰਮ੍ਰਿਤਸਰ ਤੇ ਗੁਰਦਾਸਪੁਰ ‘ਚ 9-9 ਲੋਕਾਂ ਦੀ ਮੌਤ ਵੀ ਹੋਈ ਹੈ।