Two youths including : ਦਸੂਹਾ ਦੇ ਪਿੰਡ ਬਾਜਾ ਚੱਕ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ ਜਿਥੇ ਮੁਕੇਰੀਆਂ ਹਾਈਡਲ ਨਹਿਰ ਦੇ ਪੁਲ ਤੋਂ ਸਕਾਰਪੀਓ ਗੱਡੀ ਸਮੇਤ ਦੋ ਵਿਅਕਤੀਆਂ ਨਹਿਰ ‘ਚ ਡੁੱਬ ਗਏ। ਉਥੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਨੇੜੇ ਦੇ ਹੀ ਪਿੰਡ ਤੋਂ ਆ ਰਹੇ ਸਨ ਕਿ ਉਨ੍ਹਾਂ ਨੇ ਦੇਖਿਆ ਕਿ ਪਿੰਡ ਬਾਜਾਚੱਕ ਨੇੜੇ ਪੁਲ ਤੋਂ ਗੱਡੀ ਨਹਿਰ ‘ਚ ਡਿੱਗ ਗਈ ਜਿਸ ‘ਚ ਇਕ ਨੌਜਵਾਨ ਸੀ ਤੇ ਦੂਜਾ ਨੌਜਵਾਨ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਵੀ ਗੱਡੀ ਸਮੇਤ ਨਹਿਰ ‘ਚ ਜਾ ਡਿੱਗਿਆ। ਨੌਜਵਾਨਾਂ ਦੀ ਪਛਾਣ ਗੁਰਵਿੰਦਰ ਸਿੰਘ ਨਾਰਾਇਣਗੜ੍ਹ ਅਤੇ ਸਰਬਜੀਤ ਸਿੰਘ ਮੁਰਾਠੜ ਵਜੋਂ ਹੋਈ ਹੈ।
DSP ਦਸੂਹਾ ਅਨਿਲ ਭਨੋਟ ਅਤੇ SHO ਦਸੂਹਾ ਘਟਨਾ ਵਾਲੀ ਥਾਂ ‘ਤੇ ਪੁੱਜੇ। ਤਿੰਨ ਘੰਟੇ ਬੀਤ ਜਾਣ ਦੇ ਬਾਅਦ ਵੀ ਪ੍ਰਸ਼ਾਸਨ ਵੱਲੋਂ ਦੋਵੇਂ ਨੌਜਵਾਨਾਂ ਨੂੰ ਨਹਿਰ ‘ਚੋਂ ਬਾਹਰ ਕੱਢਣ ਦਾ ਕੋਈ ਪ੍ਰਬੰਧ ਨਹੀਂ ਹੋ ਸਕਿਆ ਤੇ ਨਾ ਹੀ ਨਹਿਰ ਦਾ ਪਾਣੀ ਘੱਟ ਰਿਹਾ ਸੀ। ਪੁਲਿਸ ਪ੍ਰਸ਼ਾਸਨ ਤੇ ਹੋਰ ਅਧਿਕਾਰੀ ਰਾਤ ਹੋਣ ਕਰਕੇ ਦੋਵੇਂ ਨੌਜਵਾਨਾਂ ਨੂੰ ਨਹਿਰ ‘ਚੋਂ ਕੱਢਣ ‘ਚ ਅਸਫਲ ਰਹੇ। ਲੋਕਾਂ ਵਲੋਂ ਟਰੈਕਟਰ ਤੇ ਗੱਡੀਆਂ ਦੀਆਂ ਲਾਈਟਾਂ ਕਰਕੇ ਹਰ ਸੰਭਵ ਮਦਦ ਕੀਤੀ ਜਾ ਰਹੀ ਸੀ ਪਰ ਫਿਰ ਵੀ ਨੌਜਵਾਨਾਂ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ।
ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਨਿਲ ਭਨੋਟ ਨੇ ਦੱਸਿਆ ਕਿ ਡੈਮ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਅਧਿਕਾਰੀ ਭੇਜਿਆ ਜਾ ਰਿਹਾ ਹੈ ਜੋ ਦੋਵੇਂ ਨੌਜਵਾਨਾਂ ਦੀ ਭਾਲ ‘ਚ ਮਦਦ ਕਰਨਗੇ। ਉਂਝ ਪਾਣੀ ਦਾ ਵਹਾਅ ਘੱਟ ਕੀਤੇ ਜਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਕਿਹਾ ਕਿ ਰਾਤ ‘ਚ ਹਨ੍ਹੇਰਾ ਹੋਣ ਕਰਕੇ ਨੌਜਵਾਨਾਂ ਦੀ ਭਾਲ ‘ਚ ਮੁਸ਼ਕਲ ਆ ਰਹੀ ਸੀ ਪਰ ਸਵੇਰੇ ਦੁਬਾਰਾ ਕਾਰ ਤੇ ਨੌਜਵਾਨਾਂ ਨੂੰ ਨਹਿਰ ‘ਚੋਂ ਕੱਢਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਤੇ ਜਲਦ ਹੀ ਉਨ੍ਹਾਂ ਨੂੰ ਕੱਢ ਲਿਆ ਜਾਵੇਗਾ।