Suspected drone spotted : ਭਾਰਤ-ਪਾਕਿਸਤਾਨ ਸਰਹੱਦ ਨਾਲ ਲਗੱਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਜਗੋਚਕ ਟਾਂਡਾ ‘ਚ ਇੱਕ ਸ਼ੱਕੀ ਡਰੋਨ ਉਡਦਾ ਹੋਇਆ ਦੇਖਿਆ ਗਿਆ। ਡਰੋਨ ਇੱਕ ਨਹੀਂ ਸਗੋਂ ਦੋ ਵਾਰ ਦੇਖਿਆ ਗਿਆ। ਐਤਵਾਰ ਰਾਤ ਨੂੰ ਅਤੇ ਸੋਮਵਾਰ ਸਵੇਰੇ। ਇਸ ਤੋਂ ਬਾਅਦ ਤੋਂ ਭਾਰਤੀ ਫੌਜ ਅਤੇ ਪੁਲਿਸ ਅਲਰਟ ਹੋ ਗਈ ਹੈ। ਪਿੰਡ ‘ਚ ਪੁਲਿਸ ਅਤੇ ਫੌਜ ਦੀਆਂ ਟੀਮਾਂ ਪਹੁੰਚ ਕੇ ਜਾਂਚ ਕਰ ਰਹੀਆਂ ਹਨ। ਹਾਲਾਂਕਿ ਅਜੇ ਕਿਸੇ ਦਾ ਅਧਿਕਾਰਕ ਬਿਆਨ ਨਹੀਂ ਆਇਆ ਹੈ।
ਭਾਰਤ-ਪਾਕਿਸਤਾਨ ਸਰਹੱਦ ਤੋਂ ਲਗਭਗ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਜਗੋਚਕ ਟਾਂਡਾ ਪਿੰਡ ਦੇ ਪੰਚਾਇਤ ਮੈਂਬਰ (ਪੰਚ) ਕੁਲਦੀਪ ਸਿੰਘ ਨੇ ਦੱਸਿਆ ਕਿ ਰਾਤ ‘ਚ ਉਹ ਆਪਣੇ ਮਕਾਨ ਦੀ ਛੱਤ ‘ਤੇ ਸੀ ਤਾਂ ਉਸ ਨੇ ਪਿੰਡ ਉਪਰ ਇੱਕ ਡਰੋਨ ਉਡਦੇ ਹੋਏ ਦੇਖਿਆ। ਡਰੋਨ ਕੁਝ ਦੇਰ ‘ਚ ਹੀ ਉਥੋਂ ਗਾਇਬ ਹੋ ਗਿਆ। ਉਸ ਨੇ ਇਸ ਦੀ ਸੂਚਨਾ ਤਤਕਾਲ ਸਥਾਨਕ ਪੁਲਿਸ ਨੂੰ ਦਿੱਤੀ। ਪੁਲਿਸ ਟੀਮ ਵੀ ਮੌਕੇ ‘ਤੇ ਪੁੱਜੀ ਪਰ ਡਰੋਨ ਨਹੀਂ ਮਿਲਿਆ। ਇਸ ਦੀ ਸੂਚਨਾ ਫੌਜ ਨੂੰ ਦੇ ਦਿੱਤੀ ਗਈ।
ਇਸ ਤੋਂ ਬਾਅਦ ਪੁਲਿਸ ਤੇ ਫੌਜ ਦੀ ਟੀਮ ਪਿੰਡ ‘ਚ ਰਾਤ ਤੋਂ ਹੀ ਤਾਇਨਾਤ ਸੀ। ਸੋਮਵਾਰ ਸਵੇਰੇ 5.30 ਵਜੇ ਫਿਰ ਤੋਂ ਡਰੋਨ ਦੇਖਿਆ ਗਿਆ। ਡਰੋਨ ਇਸ ਵਾਰ ਵੀ ਪਿੰਡ ਦੇ ਉਪਰ ਹੀ ਦਿਖਾਈ ਦਿੱਤਾ। ਫਿਰ ਤੋਂ ਡਰੋਨ ਕੁਝ ਹੀ ਦੇਰ ਬਾਅਦ ਗਾਇਬ ਹੋ ਗਿਆ। ਪੁਲਿਸ ਐੱਸ. ਐੱਸ. ਪੀ. ਡਾ. ਰਾਜੇਂਦਰ ਸਿੰਘ ਸੋਹਲ ਆਪਣੀ ਟੀਮ ਨਾਲ ਪਿੰਡ ਪਹੁੰਚੇ। ਉਨ੍ਹਾਂ ਨੇ ਸਾਰੀ ਗੱਲ ਦੀ ਜਾਣਕਾਰੀ ਕੁਲਦੀਪ ਤੋਂਲਈ। ਹੁਣ ਪੁਲਿਸ ਤੇ ਫੌਜ ਪਿੰਡ ਦੇ ਆਸ-ਪਾਸ ਭਾਲ ਕਰ ਰਹੀ ਹੈ। ਅਜੇ ਤਕ ਨਾ ਤਾਂ ਡਰੋਨ ਮਿਲਿਆ ਹੈ ਤੇ ਨਾ ਹੀ ਡਰੋਨ ਦਾ ਕੋਈ ਸੁਰਾਗ ਮਿਲਿਆ ਹੈ। ਪੁਲਿਸ ਤੇ ਫੌਜ ਦੀ ਟੀਮ ਨੇ ਕੋਈ ਅਧਿਕਾਰਕ ਬਿਆਨ ਵੀ ਜਾਰੀ ਨਹੀਂ ਕੀਤਾ ਹੈ।