No trace of : ਫਿਰੋਜ਼ਪੁਰ : ਸਰਹੱਦ ‘ਤੇ ਹਥਿਆਰਾਂ ਦੀ ਖੇਪ ਫੜੇ ਜਾਣ ਤੋਂ ਬਾਅਦ ਸ਼ੁਰੂ ਹੋਈ ਪੁਲਿਸ ਦੀ ਜਾਂਚ ਤੋਂ ਡਰੇ ਮਮਦੋਟ ਖੇਤਰ ਦੇ ਸਮੱਗਲਰ ਅੰਡਰ ਗਰਾਊਂਡ ਹੋ ਗਏ ਹਨ। ਐਤਵਾਰ ਨੂੰ ਪੁਲਿਸ ਨੇ ਪਾਕਿਸਤਾਨ ਤੋਂ ਹਥਿਆਰਾਂ ਦੀ ਆਈ ਖੇਪ ਫੜੇ ਜਾਣ ਸਬੰਧੀ ਬੀ. ਓ. ਪੀ. ਨਿਊ ਗਜਨੀਵਾਲਾ ਦੇ ਆਲੇ-ਦੁਆਲੇ ਸਰਹੱਦੀ ਪਿੰਡਾਂ ਦੇ ਲੋਕਾਂ ਤੋਂ ਪੁੱਛਗਿਛ ਕੀਤੀ ਹੈ। ਪੰਜਾਬ ਨਾਲ ਲੱਗਦੇ ਭਾਰਤ-ਪਾਕਿ ਸਰਹੱਦ ਦੇ ਰਸਤੇ ਪਾਕਿ ਤੋਂ ਆਈ ਹਥਿਆਰਾਂ ਦੀ ਖੇਪ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਤਕ ਪਹੁੰਚਾਈ ਜਾ ਰਹੀ ਹੈ। ਜੰਮੂ-ਕਸ਼ਮੀਰ ਤੋਂ ਫੜੇ ਗਏ ਕਈ ਅੱਤਵਾਦੀਆਂ ਨੇ ਪੰਜਾਬ ਤੋਂ ਹਥਿਆਰ ਲਿਆਉਣ ਦੀ ਗੱਲ ਸਵੀਕਾਰ ਕੀਤੀ ਹੈ। ਮਮਦੋਟ, ਫਿਰੋਜ਼ਪੁਰ ਤੇ ਤਰਨਤਾਰਨ ਦੇ ਸਰਹੱਦੀ ਖੇਤਰਾਂ ਤੋਂ ਹਥਿਆਰ ਜੰਮੂ-ਕਸ਼ਮੀਰ ਅੱਤਵਾਦੀਆਂ ਤਕ ਪਹੁੰਚਣ ਦੇ ਇਨਪੁਟ ਮਿਲਣ ‘ਤੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡ ਗਈ ਹੈ।
ਖੁਫੀਆ ਸੂਤਰਾਂ ਮੁਤਾਬਕ ਨਵੰਬਰ 2018 ਨੂੰ ਜੰਮੂ ਰੇਲਵੇ ਸਟੇਸ਼ਨ ਸਟੈਂ ਤੋਂ ਵਾਹਨ ਖੋਹ ਕੇ 4-5 ਅੱਤਵਾਦੀ ਪੰਜਾਬ ‘ਚ ਦਾਖਲ ਹੋ ਕੇ ਫਿਰੋਜ਼ਪੁਰ ਦੇ ਮਮਦੋਟ ਖੇਤਰ ‘ਚ ਆ ਲੁਕੇ ਸਨ, ਮਮਦੋਟ ਖੇਤਰ ਪੁਲਿਸ ਛਾਉਣੀ ‘ਚ ਤਬਦੀਲ ਹੋ ਚੁੱਕਾ ਸੀ। ਉਸ ਸਮੇਂ ਵੀ ਅੱਤਵਾਦੀਆਂ ਦਾ ਕੋਈ ਸੁਰਾਗ ਨਹੀਂ ਮਿਲਿਆ ਸੀ। ਹੁਣ ਹਥਿਆਰਾਂ ਦੀ ਖੇਪ (ਏ. ਕੇ. 47 ਰਾਈਫਲ ਤਿੰਨ, ਦੋ ਐੱਮ-16 ਰਾਈਫਲ ਦੋ, 9 ਐੱਮ. ਐੱਮ. ਦੋ ਪਿਸਤੌਲ, 14 ਮੈਗਜ਼ੀਨ ਤੇ 168 ਕਾਰਤੂਸ) ਮਿਲੇ ਹਨ।
ਮਮਦੋਟ ਦੇ ਸਮੱਗਲਰਾਂ ਦੇ ਸਬੰਧ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਨਾਲ ਹਨ ਜੋ ਪਾਕਿ ਤੋਂ ਹਥਿਆਰਾਂ ਦੀ ਖੇਪ ਮੰਗਵਾ ਕੇ ਅੱਤਵਾਦੀਆਂ ਤਕ ਪਹੁੰਚਾਉਂਦੇ ਹਨ। ਸੁਰੱਖਿਆ ਏਜੰਸੀਆਂ ਜੇਲ ‘ਚ ਬੈਠੇ ਮਸ਼ਹੂਰ ਸਮਗੱਲਰਾਂ ਤੋਂ ਪੁੱਛਗਿਛ ਕਰ ਰਹੀਆਂ ਹਨ ਕਿਉਂਕਿ ਸਮੱਗਲਰ ਜੇਲ੍ਹ ‘ਚ ਬੈਠੇ ਹੀ ਮੋਬਾਈਲ ਫੋਨ ‘ਤੇ ਸੰਪਰਕ ਬਣਾ ਕੇ ਪਾਕਿ ਸਮੱਗਲਰਾਂ ਤੋਂ ਹੈਰੋਇਨ ਤੇ ਹਥਿਆਰਾਂ ਦੀ ਖੇਪ ਮੰਗਵਾਉਂਦੇ ਹਨ। ਪੰਜਾਬ ਤੋਂ ਜੰਮੂ-ਕਸ਼ਮੀਰ ਜਾਂਦੇ ਸਮੇਂ ਸੁਰੱਖਿਆ ਏਜੰਸੀਆਂ ਨੇ ਹਥਿਆਰ ਫੜੇ ਹਨ, ਕਈ ਅੱਤਵਾਦੀ ਵੀ ਹਥਿਆਰਾਂ ਸਮੇਤ ਫੜੇ ਜਾ ਚੁੱਕੇ ਹਨ ਉਹ ਵੀ ਪੰਜਾਬ ਤੋਂ ਹਥਿਆਰ ਲਿਆਉਣ ਦੀ ਗੱਲ ਮੰਨ ਚੁੱਕੇ ਹਨ ਪਰ ਅਜੇ ਤਕ ਸੁਰੱਖਿਆ ਏਜੰਸੀਆਂ ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ।