Big decision taken : ਮਿਡ ਡੇ ਮੀਲ ਵਰਕਰਾਂ ਅਤੇ ਹੋਰ ਮੁਲਾਜ਼ਮ ਬੀਬੀਆਂ ਨੂੰ ‘ਮੈਟਰਨਿਟੀ ਬੈਨੀਫਿਟ ਐਕਟ’ ਤਹਿਤ ‘ਪ੍ਰਸੂਤਾ ਛੁੱਟੀ’ ਦੇਣ ਦਾ ਵੱਡਾ ਫੈਸਲਾ ਅੱਜ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਮਿਡ ਡੇ ਮੀਲ ਸਰਕਾਰੀ ਫੰਡ ‘ਤੇ ਆਧਾਰਿਤ ਸਕੀਮ ਹੈ। ਇਸ ਲਈ ਇਥੇ ਕੰਮ ਕਰ ਰਹੀਆਂ ਸਾਰੀਆਂ ਮੁਲਾਜ਼ਮ ਬੀਬੀਆਂ ਨੂੰ ਵੀ ਪ੍ਰਸੂਤਾ ਛੁੱਟੀ ਦਾ ਵੀ ਲਾਭ ਮਿਲਣਾ ਚਾਹੀਦਾ ਹੈ, ਜਿਸ ਨੂੰ ਅੱਜ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਸਮੇਂ-ਸਮੇਂ ‘ਤੇ ਲੋਕਾਂ ਦੀ ਭਲਾਈ ਲਈ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ ਹਨ। ਨਾਲ ਹੀ ਇਹ ਵੀ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਲਾਭਪਾਤਰੀ ਮੁਲਾਜ਼ਮਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਗਾਈਡਲਾਈਜ਼ ਦੀ ਪਾਲਣਾ ਕਰਨੀ ਹੋਵੇਗੀ। ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਵੀ ਵਿਦਿਆਰਥੀਆਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪੰਜਾਬ ਸਰਕਾਰ ਦਾ ਫੋਕਸ ਹੁਣ ਸਰਕਾਰੀ ਸਕੂਲਾਂ ‘ਤੇ ਵੱਧ ਹੈ ਇਸ ਲਈ 6000 ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ‘ਚ ਸ਼ਿਫਟ ਕੀਤਾ ਗਿਆ ਹੈ। ਲੋਕ ਹੁਣ ਸਰਕਾਰੀ ਸਕੂਲਾਂ ਵੱਲ ਰੁਖ਼ ਕਰਨ ਲੱਗੇ ਹਨ, ਜਿਸ ਕਾਰਨ ਸਰਕਾਰੀ ਸਕੂਲਾਂ ‘ਚ ਵਿਦਿਆਰਥੀ ਦਾਖਲਾ ਲੈਣ ਲੱਗੇ ਹਨ।
ਹੋਰ ਦੱਸਦੇ ਹੋਏ ਸਿੱਖਿਆ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਸਕੂਲ, ਕਾਲਜ ਕਾਫੀ ਲੰਬੇ ਸਮੇਂ ਤੋਂ ਬੰਦ ਹਨ ਪਰ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ, ਇਸ ਲਈ ਟੀਚਰਾਂ ਵੱਲੋਂ ਆਨਲਾਈਨ ਕਲਾਸਾਂ ਲਗਾਈਆਂ ਜਾ ਰਹੀਆਂ ਹਨ ਤੇ ਇਸ ਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਟੀ. ਵੀ. ਚੈਨਲਾਂ ‘ਤੇ ਵੀ ਉਨ੍ਹਾਂ ਦੀ ਪੜ੍ਹਾਈ ਨਾਲ ਸਬੰਧਤ ਪ੍ਰੋਗਰਾਮ ਪ੍ਰਸਾਰਿਤ ਕੀਤੇ ਜਾ ਰਹੇ ਹਨ ਤਾਂ ਜੋ ਉਨ੍ਹਾਂ ਦੇ ਗਿਆਨ ‘ਚ ਵਾਧਾ ਹੋ ਸਕੇ।