Horrific road accident : ਜਲੰਧਰ : HMV ਕਾਲਜ ਦੇ ਕੋਲ ਸੋਮਵਾਰ ਨੂੰ ਇੱਕ ਬੇਕਾਬੂ ਟਰੱਕ ਨੇ ਮੋਟਰਸਾਈਕਲ ਸਵਾਰ ਨੂੰ ਕੁਚਲ ਦਿੱਤਾ ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭਿਜਵਾ ਦਿੱਤਾ ਗਿਆ ਹੈ। ਟਰੱਕ ਚਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਪਛਾਣ ਬਸਤੀ ਦਾਨਿਸ਼ਮੰਦਾ ਦੇ ਰਹਿਣ ਵਾਲੇ ਸਚਿਨ ਦੇ ਤੌਰ ‘ਤੇ ਹੋਈ ਹੈ। ਸਚਿਨ ਕੁਮਾਰ ਪੋਸਟਮੈਨ ਸੀ ਅਤੇ ਸੂਰਨਾਨੁੱਸੀ ‘ਚ ਉਸ ਦੀ ਤਾਇਨਾਤੀ ਸੀ। ਸੋਮਵਾਰ ਸਵੇਰੇ ਉਹ ਡਿਊਟੀ ‘ਤੇ ਜਾ ਰਿਹਾ ਸੀ ਅਤੇ ਇਸ ਦੌਰਾਨ ਇਹ ਹਾਦਸੇ ਹੋ ਗਿਆ। ਮ੍ਰਿਤਕ ਵਿਆਹੁਤਾ ਸੀ।
ਮੌਕੇ ‘ਤੇ ਪੁੱਜੇ ਏ. ਸੀ. ਪੀ. ਸਤਿੰਦਰ ਚੱਡਾ ਨੇ ਦੱਸਿਆ ਕਿ ਟਰੱਕ ਚਾਲਕ ਖਿਲਾਫ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੌਕੇ ਦਾ ਜਾਇਜ਼ਾ ਲੈ ਕੇ ਹਾਦਸੇ ਬਾਰੇ ਜਾਣਕਾਰੀ ਇਕੱਠੀ ਕੀਤੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆ ਰਿਹਾ ਹੈ ਕਿ ਟਰੱਕ ਨੰਬਰ (ਪੀ. ਬੀ12 ਕਿਊ-6805) ਦੇ ਚਾਲਕ ਨੇ ਪੈਟਰੋਲ ਪੰਪ ‘ਤੇ ਜਾਣ ਲਈ ਟਰੱਕ ਨੂੰ ਅਚਾਨਕ ਤੋਂ ਮੋੜ ਦਿੱਤਾ, ਜਿਸ ਨਾਲ ਮੋਟਰਸਾਈਕਲ ਸਵਾਰ ਕੁਚਲਿਆ ਗਿਆ। ਹਾਲਾਂਕਿ ਮੋਟਰਸਾਈਕਲ ਨੰਬਰ (ਪੀ. ਬੀ. 08 ਬੀਈ-3523) ‘ਤੇ ਸਵਾਰ ਨੌਜਵਾਨ ਸਚਿਨ ਨੇ ਹੈਲਮੇਟ ਵੀ ਪਹਿਨਿਆ ਹੋਇਆ ਸੀ ਪਰ ਇਸ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਹਨ।
ਹਾਦਸੇ ਦੇ ਚਸ਼ਮਦੀਦ ਦਾ ਕਹਿਣਾ ਹੈ ਕਿ ਟਰੱਕ ਦੀ ਰਫਤਾਰ ਕਾਫੀ ਤੇਜ਼ ਸੀ ਅਤੇ ਇਸ ਦੌਰਾਨ ਮੋਟਰਸਾਈਕਲ ਨੂੰ ਟੱਕਰ ਲੱਗਣ ਨਾਲ ਇਹ ਹਾਦਸਾ ਹੋ ਗਿਆ। ਘਟਨਾ ਸਵੇਰੇ ਲਗਭਗ 9 ਵਜੇ ਵਾਪਰੀ। ਏ. ਸੀ. ਪੀ. ਸਤਿੰਦਰ ਚੱਢਾ ਨੇ ਕਿਹਾ ਕਿ ਟਰੱਕ ਚਾਲਕ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਉਸ ਤੋਂ ਘਟਨਾ ਸਬੰਧੀ ਪੁੱਛਗਿਛ ਕੀਤੀ ਜਾ ਰਹੀ ਹੈ। ਹਾਦਸੇ ‘ਚ ਮੋਟਰਸਾਈਕਲ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਤੋਂ ਟੁੱਟ ਗਿਆ ਹੈ। ਟਰੱਕ ਨੂੰ ਵੀ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ।