Commendable step taken : ਚੰਡੀਗੜ੍ਹ : ਕੋਰੋਨਾ ਵਾਇਰਸ ਕਾਰਨ ਲੰਬੇ ਸਮੇਂ ਤੋਂ ਸਾਰੇ ਸਕੂਲ, ਕਾਲਜ ਬੰਦ ਹਨ ਪਰ ਸਕੂਲਾਂ ਦੀ ਤਾਲਾਬੰਦੀ ਦੇ ਬਾਵਜੂਦ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਨੇ ਨਾ ਸਿਰਫ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਜਾਰੀ ਰੱਖ ਕੇ ਵਿਦਿਆਰਥੀਆਂ ਦੇ ਇਮਤਿਹਾਨ ਵੀ ਲਏ ਹਨ ਸਗੋਂ ਹੁਣ ਇਸ ਨੇ ਇੱਕ ਕਦਮ ਹੋਰ ਅੱਗੇ ਪੁੱਟਦੇ ਹੋਏ ਬੱਚਿਆਂ ਦੀ ਪੜ੍ਹਾਈ ਦਾ ਮੁਲਾਂਕਣ ਕਰਨ ਲਈ ਮਾਪੇ-ਅਧਿਆਪਿਕ ਮੀਟਿੰਗਾਂ (ਪੀ.ਟੀ.ਐਮ.) ਦਾ ਸਿਲਸਿਲਾ ਵੀ ਸ਼ੁਰੂ ਕੀਤਾ ਹੈ। ਇਨ੍ਹਾਂ ਮੀਟਿੰਗਾਂ ਵਿੱਚ 27 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਹਿੱਸਾ ਲੈਣ ਦੀ ਉਮੀਦ ਹੈ।
ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12ਵੀਂ ਤੱਕ ਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ PTM ਦਾ ਸਿਲਸਲਾ ਅੱਜ 14 ਸਤੰਬਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਹ 19 ਸਤੰਬਰ ਤੱਕ ਇੱਕ ਹਫਤਾ ਚੱਲੇਗਾ। ਇਸ ਦੌਰਾਨ ਵਿਦਿਆਰਥੀਆਂ ਦੇ ਮਾਪਿਆਂ ਨਾਲ ਆਨ ਲਾਈਨ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਆਨ ਲਾਈਨ ਪੜ੍ਹਾਈ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਦੀ ਸਮੱਸਿਆਵਾਂ ਬਾਰੇ ਪੁੱਛਿਆ ਜਾਵੇਗਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਵਿੱਚ ਹੋਰ ਸੁਧਾਰ ਲਿਆਉਣ ਦੇ ਸਬੰਧ ਵਿੱਚ ਸੁਝਾਅ ਲਏ ਜਾਣਗੇ। ਇਸ ਦੇ ਨਾਲ ਹੀ ਮਿਡ ਡੇ ਮੀਲ, ਕਿਤਾਬਾਂ ਦੀ ਵੰਡ, ਪੀ.ਏ.ਐਸ. ਦੀ ਤਿਆਰੀ ਤੇ ਮਹੱਤਤਾ, ਪੰਜਾਬ ਐਜੂਕੇਅਰ ਐਪ ਤੇ ਸਪਲੀਮੈਂਟਰੀ ਮਟੀਰੀਅਲ, ਅਤੇ ਬੱਚਿਆਂ ਦੀ ਪੜ੍ਹਾਈ ਤੋਂ ਇਲਾਵਾ ਉਨ੍ਹਾਂ ਦੀ ਸਿਹਤ ਬਾਰੇ ਵਿਚਾਰ ਚਰਚਾ ਕੀਤੀ ਜਾਵੇਗੀ।
ਇਸ ਸਮੇਂ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਲੈ ਕੇ 12 ਵੀ ਕਲਾਸ ਤੱਕ 26,95,424 ਵਿਦਿਆਰਥੀ ਪੜ੍ਹਦੇ ਹਨ। ਸਰਕਾਰੀ ਸਕੂਲਾਂ ਦੀ ਬੇਹਤਰ ਕਾਰਗੁਜ਼ਾਰੀ ਦੇ ਕਾਰਨ ਇਸ ਸਾਲ ਸਰਕਾਰੀ ਸਕੂਲਾਂ ਵਿੱਚ ਦਾਖਲਿਆਂ ’ਚ 14.55 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਤਕਰੀਬਨ 1 ਲੱਖ 60 ਹਜ਼ਾਰ ਵਿਦਿਆਰਥੀ ਹਟ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਹੋਏ ਹਨ। ਸਾਲ 2019 ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ 23,52,112 ਸੀ ਜੋ ਇਸ ਸਾਲ ਵਧ ਕੇ 26,94,424 ਹੋ ਗਈ ਹੈ। ਸਰਕਾਰੀ ਸਕੂਲਾਂ ਦੇ ਦਾਖਲੇ ‘ਚ ਇਜ਼ਾਫਾ ਹੋਣਾ ਸਿੱਖਿਆ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਦਾ ਨਤੀਜਾ ਹੈ ਤੇ ਇਹ ਅਧਿਆਪਕਾਂ ਦੀ ਮਿਹਨਤ ਤੇ ਲਗਨ ਸਦਕਾ ਹੀ ਸੰਭਵ ਹੋ ਸਕਿਆ ਹੈ।