CBI opposes SHO : ਰਿਸ਼ਵਤ ਮਾਮਲੇ ‘ਚ ਦੋਸ਼ੀ ਮਨੀਮਾਜਰਾ ਥਾਣਾ ਦੀ ਸਾਬਕਾ ਐੱਸ. ਐੱਚ. ਓ. ਜਸਵਿੰਦਰ ਕੌਰ ਦੀ ਜ਼ਮਾਨਤ ਦਾ ਸੋਮਵਾਰ ਨੂੰ ਸੀ. ਬੀ. ਆਈ. ਨੇ ਪੁਰਜ਼ੋਰ ਵਿਰੋਧ ਕੀਤਾ। ਅਦਾਲਤ ‘ਚ ਆਪਣਾ ਜਵਾਬ ਦਾਇਰ ਕਰਦੇ ਹੋਏ ਸੀ. ਬੀ. ਆਈ. ਵਕੀਲ ਨੇ ਦਲੀਲ ਦਿੱਤੀ ਕਿ ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ। ਕੇਸ ਦਾ ਚਾਲਾਨ ਵੀ ਪੇਸ਼ ਨਹੀਂ ਹੋਇਆ। ਕੋਰਟ ‘ਚ ਗਵਾਹਾਂ ਦੇ ਬਿਆਨ ਹੋਣੇ ਬਾਕੀ ਹਨ। ਇਸ ਲਈ ਦੋਸ਼ੀ ਗਵਾਹਾਂ ਤੇ ਸਬੂਤਾਂ ਨਾਲ ਛੇੜਛਾੜ ਕਰ ਸਕਦਾ ਹੈ। ਦੂਜੇ ਪਾਸੇ ਦੋਸ਼ੀ ਕੇਸ ਦਰਜ ਹੋਣ ਤੋਂ ਬਾਅਦ 25 ਦਿਨ ਤੱਕ ਫਰਾਰ ਵੀ ਰਹੀ। ਇਸ ਤੋਂ ਇਲਾਵਾ ਜਸਵਿੰਦਰ ਅਜੇ ਵੀ ਜਾਂਚ ‘ਚ ਸਹਿਯੋਗ ਨਹੀਂ ਦੇ ਰਹੀ ਹੈ। ਇਸ ਲਈ ਦੋਸ਼ੀ ਨੂੰ ਜ਼ਮਾਨਤ ਨਾ ਦਿੱਤੀ ਜਾਵੇ।
ਜਸਵਿੰਦਰ ਦੇ ਵਕੀਲ ਨੇ ਪਟੀਸ਼ਨ ‘ਤੇ ਬਹਿਸ ਕਰਨ ਲਈ ਇੱਕ ਦਿਨ ਦਾ ਸਮਾੰ ਮੰਗਿਆ। ਇਸ ‘ਤੇ ਅਦਾਲਤ ਨੇ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੰਦੇ ਹੋਏ ਪਟੀਸ਼ਨ ‘ਤੇ ਆਪਣਾ ਫੈਸਲਾ ਮੰਗਲਵਾਰ ਨੂੰ ਦੇਣ ਦਾ ਗੱਲ ਕਹੀ। ਜਸਵਿੰਦਰ ਨੇ ਆਪਣੀ ਪਟੀਸ਼ਨ ‘ਚ ਦਲੀਲ ਦਿੱਤੀ ਹੈ ਕਿ ਉਸ ਨੂੰ ਇਸ ਮਾਮਲੇ ‘ਚ ਫਸਾਇਆ ਗਿਆ ਹੈ। ਸੀ. ਬੀ. ਆਈ. ਜਿਹੜੇ 5 ਲੱਖ ਰੁਪਏ ਦੀ ਗੱਲ ਕਰ ਰਹੀ ਹੈ, ਉਹ ਦੋਵੇਂ ਪੱਖਾਂ ‘ਚ ਹੋਏ ਸਮਝੌਤੇ ਤੋਂ ਬਾਅਦ ਤੈਅ ਹੋਈ ਰਕਮ ਸੀ। ਮਨੀਮਾਜਰਾ ਨਿਵਾਸੀ ਗੁਰਦੀਪ ਸਿੰਘ ਨੇ ਸੀ. ਬੀ. ਆਈ. ਨੂੰ ਬੀਤੀ 26 ਜੂਨ ਨੂੰ ਸ਼ਿਕਾਇਤ ਕੀਤੀ ਸੀ ਕਿ ਮਨੀਮਾਜਰਾ ਥਾਣਾ SHO ਜਸਵਿੰਦਰ ਕੌਰ ਨੇ ਫੋਨ ਕਰਕੇ ਕਿਹਾ ਕਿ ਉਸ ਖਿਲਾਫ ਉਨ੍ਹਾਂ ਕੋਲ ਸ਼ਿਕਾਇਤਕਰਤਾ ਰਣਧੀਰ ਸਿੰਘ ਦੀ ਪਤਨੀ ਨੂੰ ਸਰਕਾਰੀ ਨੌਕਰੀ ਲਗਵਾਉਣ ਦੇ ਨਾਂ ‘ਤੇ 27 ਤੋਂ 28 ਲੱਖ ਦੀ ਧੋਖਾਦੇਹੀ ਕਰਨ ਦੀ ਸ਼ਿਕਾਇਤ ਹੈ। ਜਸਵਿੰਦਰ ਕੌਰ ਨੇ ਮਾਮਲੇ ਦੀ ਸੈਟਲਮੈਂਟ ਕਰਨ ਅਤੇ ਉਸ ਖਿਲਾਫ ਕੇਸ ਦਰਜ ਨਾ ਕਰਨ ਲਈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ।