The district administration : ਜਲੰਧਰ : ਅੱਜ ਦੇ ਮੁਕਾਬਲੇ ਦੇ ਯੁੱਗ ‘ਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੀ ਸਕਿਲ ਡਿਵੈਲਪਮੈਂਟ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਨੇ ਵੱਡੀ ਪਹਿਲ ਕੀਤੀ ਹੈ। ਡੀ. ਸੀ. ਘਣਸ਼ਿਆਮ ਥੋਰੀ ਨੇ ਮੰਗਲਵਾਰ ਸਵੇਰੇ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਤਹਿਤ ਬਲਟਰਨ ਪਾਰਕ ਪਹੁੰਚ ਕੇ ਫ੍ਰੀ ਡਰਾਈਵਿੰਗ ਟ੍ਰੇਨਿੰਗ ਕੈਂਪ ਦੀ ਸ਼ੁਰੂਾਤ ਕੀਤੀ। ਉਨ੍ਹਾਂ ਨੇ ਕੁੜੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਉਹ ਮਨ ਲਗਾ ਕੇ ਇਸ ਟ੍ਰੇਨਿੰਗ ਕੋਰਸ ‘ਚ ਹਿੱਸਾ ਲੈਣ ਅਤੇ ਆਪਣੀ ਸਕਿੱਲ ‘ਚ ਵਾਧਾ ਕਰਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਕੋਰਸ ਦਾ ਮਕਸਦ ਲੜਕੀਆਂ ਨੂੰ ਆਤਮਨਿਰਭਰ ਬਣਾਉਣਾ ਹੈ ਤਾਂ ਕਿ ਉਹ ਡਰਾਈਵਿੰਗ ਨੂੰ ਲੈ ਕੇ ਕਿਸੇ ਦੂਜੇ ਵਿਅਕਤੀ ‘ਤੇ ਨਿਰਭਰ ਨਾ ਰਹਿਣ। ਉਹ ਖੁਦ ਗੱਡੀ ਚਲਾ ਕੇ ਕਿਤੇ ਵੀ ਆ-ਜਾ ਸਕਣ ਅਤੇ ਲੋੜ ਪੈਣ ‘ਤੇ ਇਸ ਸਕਿੱਲ ਦਾ ਫਾਇਦਾ ਚੁੱਕਦੇ ਹੋਏ ਇਸ ਨੂੰ ਰੋਜ਼ਗਾਰ ਦੇ ਤੌਰ ‘ਤੇ ਵੀ ਅਪਨਾ ਸਕਣ। ਉਨ੍ਹਾਂ ਕਿਹਾ ਕਿ ਸਿਰਫ ਡਰਾਈਵਿੰਗ ਨਾ ਆਉਣ ਕਾਰਨ ਉਨ੍ਹਾਂ ਤੋਂ ਕੋਈ ਮੌਕਾ ਛੁੱਟਣਾ ਨਹੀਂ ਚਾਹੀਦਾ। ਇਸ ਕੋਰਸ ਲਈ 18 ਸਾਲ ਤੋਂ ਵੱਧ ਉਮਰ ਦੀਆਂ ਕੁੜੀਆਂ ਦੀ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ‘ਚ 70 ਕੁੜੀਆਂ ਦੀ ਚੋਣ ਡਰਾਈਵਿੰਗ ਟ੍ਰੇਨਿੰਗ ਲਈ ਕੀਤੀ ਗਈ ਹੈ। ਇਨ੍ਹਾਂ ਨੂੰ ਦਿਨ ਭਰ ਵੱਖ-ਵੱਖ ਸ਼ਿਫਟਾਂ ‘ਚ ਟ੍ਰੇਨਿੰਗ ਮੁਹੱਈਆ ਕਰਵਾਈ ਜਾਵੇਗੀ। ਇਹ ਟ੍ਰੇਨਿੰਗ ਬਲਟਰਨ ਪਾਰਕ ‘ਚ ਦਿੱਤੀ ਜਾਵੇਗੀ ਜੋ ਕਿ ਅਗਲੇ 15 ਦਿਨ ਤੱਕ ਚੱਲੇਗੀ। ਇਸ ਤੋੰ ਬਾਅਦ ਕੁਝ ਹੋਰ ਬੈਚ ਸ਼ੁਰੂ ਕੀਤੇ ਜਾਣਗੇ। ਜਿਲ੍ਹਾ ਪ੍ਰੋਗਰਾਮ ਅਫਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਦੇ ਨਿਰਦੇਸ਼ ‘ਤੇ ਇਸ ਕੈਂਪ ਨੂੰ ਜਿਲ੍ਹੇ ਦੀਆਂ ਦੂਜੀਆਂ ਤਹਿਸੀਲਾਂ ‘ਚ ਸ਼ੁਰੂ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਜਲਦ ਹੀ ਹੋਰ ਥਾਵਾਂ ‘ਤੇ ਵੀ ਬੇਟੀ ਬਚਾਓ ਬੇਟੀ ਪੜ੍ਹਾਈ ਮੁਹਿੰਮ ਤਹਿਤ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ।