Lifetime Achievement Award : ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਪੰਜਾਬ ਦੇ ਵੱਕਾਰੀ ਐਵਾਰਡ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਲਈ ਯੋਗ ਹੋਣਗੇ। ਖੇਡ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਆਪਣੀ ਸਰਕਾਰੀ ਨਿਵਾਸ ਉਤੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ ਸਨਮਾਨ ਕਰਦਿਆਂ ਕੀਤਾ। ਇਸ ਮੌਕੇ ਰਾਣਾ ਸੋਢੀ ਨੇ ਜਿੱਥੇ ਇਹ ਵੱਕਾਰੀ ਐਵਾਰਡ ਜਿੱਤਣ ਵਾਲਿਆਂ ਦੀ ਸ਼ਲਾਘਾ ਕੀਤੀ, ਉਥੇ ਕਿਹਾ ਕਿ ਖੇਡ ਪਿੜ ਵਿੱਚ ਇਨ੍ਹਾਂ ਦੀਆਂ ਲਾਮਿਸਾਲ ਉਪਲਬਧੀਆਂ ਰਾਜ ਦੇ ਨੌਜਵਾਨਾਂ ਖ਼ਾਸ ਤੌਰ ਉਤੇ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਨਗੀਆਂ। ਸਮਾਗਮ ਦੌਰਾਨ ਵਧੀਕ ਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਸ਼੍ਰੀ ਕਿਰਪਾ ਸ਼ੰਕਰ ਸਰੋਜ ਅਤੇ ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਹਾਜ਼ਰ ਸਨ।
ਖੇਡ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਾਲ 2018 ਵਿੱਚ ਬਣਾਈ ਖੇਡ ਨੀਤੀ ਵਿੱਚ ਅਰਜੁਨਾ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜੇਤੂਆਂ ਨੂੰ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਦੇ ਹੱਕਦਾਰ ਬਣਾਇਆ ਗਿਆ ਸੀ, ਜਿਸ ਤਹਿਤ ਪਿਛਲੇ ਸਾਲ 2019 ਵਿੱਚ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਹੁਣ ਇਸ ਨੀਤੀ ਵਿੱਚ ਸਾਰੇ ਕੌਮੀ ਖੇਡ ਐਵਾਰਡ ਜੇਤੂ ਖਿਡਾਰੀ ਸ਼ਾਮਲ ਹੋਣਗੇ, ਜਿਸ ਵਿੱਚ ਧਿਆਨ ਚੰਦ ਐਵਾਰਡ ਤੇ ਦਰੋਣਾਚਾਰੀਆ ਐਵਾਰਡ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂਆਂ (ਦਰੋਣਚਾਰੀਆ ਅਤੇ ਧਿਆਨ ਚੰਦ ਐਵਾਰਡੀ) ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਲਈ ਯੋਗ ਹੋ ਜਾਣਗੇ। ਇਸ ਲਈ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਮੰਤਰੀ ਨੇ ਖੇਡ ਡਾਇਰੈਕਟਰ ਨੂੰ ਕਿਹਾ ਕਿ ਉਹ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਨਾਲ ਸਬੰਧਤ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਖਿਡਾਰੀਆਂ ਦੇ ਫ਼ਾਰਮ ਭਰਵਾ ਕੇ ਹੈੱਡਕੁਆਰਟਰ ਵਿਖੇ ਭੇਜਣ ਤਾਂ ਕਿ ਕੋਈ ਵੀ ਯੋਗ ਖਿਡਾਰੀ ਵਾਂਝਾ ਨਾ ਰਹੇ। ਖੇਡ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਉਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ।
ਆਗਾਮੀ ਖੇਡ ਮੁਕਾਬਲਿਆਂ ਲਈ ਇਨ੍ਹਾਂ ਖਿਡਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਕਿਉਂ ਜੋ ਸਰਕਾਰ ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਖੇਡ ਨੀਤੀ ਐਲਾਨੀ ਹੈ, ਜਿਸ ਵਿੱਚ ਨੌਜਵਾਨਾਂ ਦੀ ਵਡੇਰੀ ਸ਼ਮੂਲੀਅਤ, ਤਮਗ਼ੇ ਜਿੱਤਣ ਵਾਲੀਆਂ ਸੰਭਾਵੀ ਖੇਡਾਂ ਉਤੇ ਵੱਧ ਧਿਆਨ ਕੇਂਦਰਿਤ ਕਰਨਾ, ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਲਈ ਪਾਠਕ੍ਰਮ ਵਿੱਚ ਬੁਨਿਆਦੀ ਤਬਦੀਲੀਆਂ, ਤਮਗ਼ਾ ਜੇਤੂਆਂ ਲਈ ਵਿੱਤੀ ਸਹਾਇਤਾ ਵਧਾਉਣੀ ਅਤੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿੱਚ ਹੋਣਹਾਰ ਖਿਡਾਰੀਆਂ ਲਈ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਉਣਾ ਸ਼ਾਮਲ ਹੈ। ਖੇਡ ਮੰਤਰੀ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਖਿਡਾਰੀਆਂ ਲਈ ਨੌਕਰੀਆਂ ਦੇ ਹੋਰ ਮੌਕੇ ਸਿਰਜਣ ਦਾ ਅਹਿਮ ਫ਼ੈਸਲਾ ਲਿਆ ਗਿਆ ਸੀ।