Serum Institute gets nod: ਡਰੱਗਜ਼ ਕੰਟਰੋਲਰ ਜਨਰਲ ਆਫ ਇੰਡੀਆ (DCGI) ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੂੰ ਆਕਸਫੋਰਡ ਦੀ ਕੋਰੋਨਾ ਵਾਇਰਸ ਵੈਕਸੀਨ ਦੇ ਕਲੀਨਿਕਲ ਟ੍ਰਾਇਲ ਦੁਬਾਰਾ ਸ਼ੁਰੂ ਕਰਨ ਦੀ ਆਗਿਆ ਦੇ ਦਿੱਤੀ ਹੈ। DCGI ਨੇ ਸੀਰਮ ਇੰਸਟੀਚਿਊਟ ਨੂੰ Covid-19 ਵੈਕਸੀਨ ਦੇ ਪੜਾਅ II ਅਤੇ III ਦੇ ਟ੍ਰਾਇਲਾਂ ਲਈ ਹਰਿ ਝੰਡੀ ਦੇ ਦਿੱਤੀ ਹੈ। ਸੀਰਮ ਇੰਸਟੀਚਿਊਟ ਭਾਰਤ ਵਿੱਚ ਆਕਸਫੋਰਡ ਯੂਨੀਵਰਸਿਟੀ ਦੀ ਵੈਕਸੀਨ ਨੂੰ ਬ੍ਰਿਟੇਨ ਦੀ ਐਸਟ੍ਰੋਜੇਨਿਕਾ ਦੇ ਨਾਲ ਤਿਆਰ ਕਰ ਰਿਹਾ ਹੈ।
ਦਰਅਸਲ, DCGI ਦੇ ਡਾ. ਵੀ.ਜੀ. ਸੋਮਾਨੀ ਨੇ ਮੰਗਲਵਾਰ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ (SII) ਨੂੰ ਆਕਸਫੋਰਡ ਦੇ ਕੋਵਿਡ-19 ਵੈਕਸੀਨ ਲਈ ਉਮੀਦਵਾਰਾਂ ‘ਤੇ ਕਲੀਨਿਕਲ ਟ੍ਰਾਇਲ ਮੁੜ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ । ਐਸਟਰਾਜ਼ੇਨੇਕਾ ਵੱਲੋਂ ਬ੍ਰਿਟੇਨ ਵਿੱਚ ਆਕਸਫੋਰਡ ਦੀ ਕੋਰੋਨਾ ਵੈਕਸੀਨ ਦੇ ਟ੍ਰਾਇਲ ‘ਤੇ ਰੋਕ ਲਗਾਉਣ ਤੋਂ ਬਾਅਦ ਭਾਰਤ ਵਿੱਚ ਵੀ ਇਸ ਵੈਕਸੀਨ ਨੂੰ ਤਿਆਰ ਕਰ ਰਹੀ ਸੀਰਮ ਇੰਸਟੀਚਿਊਟ ਨੇ ਇਸ ਦੇ ਟ੍ਰਾਇਲ ਨੂੰ ਰੋਕ ਦਿੱਤਾ ਸੀ।
DCGI ਨੇ ਦੂਜੇ ਅਤੇ ਤੀਜੇ ਪੜਾਅ ਦੇ ਪ੍ਰੀਖਣ ਲਈ ਕਿਸੇ ਵੀ ਉਮੀਦਵਾਰ ਦੀ ਚੋਣ ‘ਤੇ ਰੋਕ ਲਗਾਉਣ ਵਾਲੇ ਆਪਣੇ ਪਹਿਲੇ ਆਦੇਸ਼ ਨੂੰ ਰੱਦ ਕਰ ਦਿੱਤਾ। ਹਾਲਾਂਕਿ, DCGI ਨੇ ਇਸਦੇ ਲਈ ਜਾਂਚ ਦੌਰਾਨ ਜ਼ਿਆਦਾ ਧਿਆਨ ਦੇਣ ਸਣੇ ਕਈ ਹੋਰ ਸ਼ਰਤਾਂ ਰੱਖੀਆਂ ਹਨ। SII ਨੂੰ DCGI ਨੇ ਮਾੜੇ ਹਾਲਾਤਾਂ ਨਾਲ ਨਜਿੱਠਣ ਦੇ ਨਿਯਮਾਂ ਅਨੁਸਾਰ ਇਲਾਜ ਬਾਰੇ ਜਾਣਕਾਰੀ ਜਮ੍ਹਾਂ ਕਰਵਾਉਣ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 11 ਸਤੰਬਰ ਨੂੰ DCGI ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਕੋਵਿਡ -19 ਦੇ ਸੰਭਾਵਿਤ ਟੀਕੇ ਦੇ ਕਲੀਨਿਕਲ ਟ੍ਰਾਇਲ ‘ਤੇ ਰੋਕ ਲਗਾਈ ਜਾਵੇ ਕਿਉਂਕਿ ਦਿਗੱਜ ਡਰੱਗ ਕੰਪਨੀ ਐਸਟਰਾਜ਼ੇਨੇਕਾ ਨੇ ਅਧਿਐਨ ਵਿੱਚ ਸ਼ਾਮਿਲ ਹੋਏ ਇੱਕ ਵਿਅਕਤੀ ਦੇ ਖਰਾਬ ਸਿਹਤ ਹੋਣ ਤੋਂ ਬਾਅਦ ਹੋਰ ਦੇਸ਼ਾਂ ਵਿੱਚ ਪ੍ਰੀਖਣ ਰੋਕ ਦਿੱਤਾ ਸੀ।
ਦੱਸ ਦੇਈਏ ਕਿ ਬ੍ਰਿਟੇਨ ਦੀ ਡਰੱਗ ਨਿਰਮਾਤਾ ਕੰਪਨੀ ਨੇ 8 ਸਤੰਬਰ ਨੂੰ ਟ੍ਰਾਇਲ ਦੇ ਦੌਰਾਨ ਇੱਕ ਮਰੀਜ਼ ਨੂੰ ਹੋਣ ਵਾਲੀ ਬਿਮਾਰੀ ਦੇ ਮੱਦੇਨਜ਼ਰ ਵੈਕਸੀਨ ਦੇ ਟ੍ਰਾਇਲ ਰੋਕ ਦਿੱਤੇ ਸਨ। ਭਾਰਤ ਵਿੱਚ ਦੂਜੇ ਪੜਾਅ ਦੇ 26 ਅਗਸਤ ਤੋਂ ਸ਼ੁਰੂ ਹੋਏ ਪ੍ਰੀਖਣ ਵਿੱਚ 100 ਵਿਅਕਤੀਆਂ ਵਿਚੋਂ ਪੁਣੇ ਦੇ ਭਾਰਤੀ ਵਿਦਿਆਪੀਠ ਮੈਡੀਕਲ ਕਾਲਜ ਦੇ 34 ਲੋਕਾਂ ਨੂੰ ਇਹ ਵੈਕਸੀਨ ਦਿੱਤੀ ਗਈ ਸੀ। ਇਨ੍ਹਾਂ ਵਿੱਚੋਂ ਕਿਸੇ ਨੂੰ ਵੀ ਸਿਹਤ ਸਬੰਧਤ ਕੋਈ ਸਮੱਸਿਆ ਨਹੀਂ ਆਈ।