Lack of oxygen : ਪੰਜਾਬ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਸ ਸਮੇਂ ਸੂਬੇ ਵਿੱਚ ਕੋਰੋਨਾ ਦੇ ਐਕਟਿਵ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ ਹੋ ਚੁੱਕੀ ਹੈ। ਇਸ ਵਿੱਚ 2800 ਤੋਂ ਵੱਧ ਮਰੀਜ਼ਾਂ ਨੂੰ ਆਕਸੀਜਨ ਦੀ ਲੋੜ ਪੈ ਰਹੀ ਹੈ। ਇਨ੍ਹਾਂ ਵਿੱਚ 2100 ਅਜਿਹੇ ਮਰੀਜ਼ ਹਨ, ਜਿਨ੍ਹਾਂ ਨੂੰ ਇੰਟਰਮਿਟੇਂਡ ਆਕਸੀਜਨ ਸਪੋਰਟ ਮਤਲਬ ਰੁਕ-ਰੁਕ ਕੇ ਆਕਸੀਜਨ ਦੀ ਮਦਦ ਅਤੇ 569 ਨੂੰ ਰੈਗੂਲਰ ਆਕੀਸਜਨ ਸਪੋਰਟ ਦੀ ਲੋੜ ਹੈ। ਉਥੇ ਜਿਥੇ ਇਕ ਪਾਸੇ ਨਿੱਜੀ ਹਸਪਾਤਲ ਆਕਸੀਜਨ ਦੀ ਕਮੀ ਨਾਲ ਜੂਝ ਰਹੇ ਹਨ, ਉਥੇ ਸਰਕਾਰੀ ਹਸਪਤਾਲਾਂ ਵਿੱਚ ਬੈੱਡਾਂ ਦੀ ਕਮੀ ਹੋ ਰਹੀ ਹੈ।
ਸਥਿਤੀ ਇੰਨੀ ਗੰਭੀਰ ਹੋ ਗਈ ਹੈ ਕਿ ਆਕਸੀਜਨ ਦੀ ਮੰਗ ਪਹਿਲਾਂ ਦੇ ਮੁਕਾਬਲੇ 70 ਫੀਸਦੀ ਤੱਕ ਵੱਧ ਹੋ ਗਈ ਹੈ। ਅਜਿਹੇ ’ਚ ਇੱਕ ਪਾਸੇ ਸਪਲਾਈਕਰਤਾ ਜਿਥੇ ਆਕਸੀਜਨ ਦੀ ਸਪਲਾਈ ਲਈ ਲੇਟਲਤੀਫੀ ਕਰ ਰਹੇ ਹਨ, ਉਥੇ ਕੀਮਤ ਵੀ ਵਧਾ ਦਿੱਤੀ ਗਈ ਹੈ। ਇਸ ਨਾਲ ਹਸਪਤਾਲ ਮੈਨੇਮਜਮੈਂਟ ਦੇ ਨਾਲ ਹੀ ਮਰੀਜ਼ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਪ੍ਰੇਸ਼ਾਨ ਹਨ। ਇਸ ਸਮੱਸਿਆ ਨੂੰ ਲੈ ਕੇ ਆਈਐੱਮਏ ਦੇ ਅਹੁਦੇਦਾਰਾਂ ਨੇ ਪ੍ਰਸ਼ਾਸਨ ਨਾਲ ਮਿਲ ਕੇ ਆਕਸੀਜਨ ਦੀ ਵਧਦੀ ਕੀਮਤ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਪਿਛਲੇ ਡੇਢ ਮਹੀਨੇ ਤੋਂ ਆਕਸੀਜਨ ਦੀ ਸਪਲਾਈ ਅਚਾਨਕ ਤੇਜ਼ੀ ਨਲ ਵਧ ਗਈ ਹੈ। ਮੋਹਾਲੀ ਸਥਿਤ ਹਾਈਟੇਕ ਇੰਡਸਰੀ ਦੇ ਅਮਿਤ ਨੇ ਦੱਸਿਆ ਕਿ ਡੇਢ ਮਹੀਨੇ ਤੋਂ ਆਕਸੀਜਨ ਦੀ ਸਪਲਾਈ ਵਧਣ ਨਾਲ ਹੀ ਉਸ ਦੀ ਸਪਲਾਈ ’ਚ ਰੁਕਾਵਟ ਆ ਰਹੀ ਹੈ। ਪਹਿਲਾਂ ਕੋਲਕਾਤਾ, ਔਰੰਗਾਬਾਦ ਅਤੇ ਦਿੱਲੀ ਤੋਂ ਤੈਅ ਸਮੇਂ ’ਤੇ ਉਸ ਦੀ ਸਪਲਾਈ ਹੋ ਜਾਂਦੀ ਸੀ ਪਰ ਉਨ੍ਹਾਂ ਥਾਵਾਂ ’ਤੇ ਵੀ ਮਰੀਜ਼ਾਂ ਦੀ ਤੇਜ਼ੀ ਨਾਲ ਵਧਦੀ ਗਿਣਤੀ ਕਾਰਨ ਡਿਮਾਂਡ ਸਮੇਂ ’ਤੇ ਪੂਰੀ ਨਹੀਂ ਹੋ ਪਾ ਰਹੀ ਹੈ। ਇਸ ਤੋਂ ਇਲਾਵਾ ਘਰ ’ਚ ਵੀ ਮਰੀਜ਼ਾਂ ਲਈ ਆਕਸੀਜਨ ਸਿਲੰਡਰ ਦੀ ਡਿਮਾਂਡ ਵੱਡੀ ਗਿਣਤੀ ਵਿੱਚ ਕੀਤੀ ਜਾ ਰਹੀ ਹੈ। ਸਟਾਕ ਨਾ ਹੋਣ ਕਾਰਨ ਸਮੇਂ ’ਤੇ ਸਪਲਾਈ ਕਰਨ ਵਿੱਚ ਸਮੱਸਿਆ ਹੋ ਰਹੀ ਹੈ। ਇਸ ਦੇ ਕਾਰਨ ਨਿੱਜੀ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਹੋ ਰਹੀ ਹੈ।