Religious punishment handed : ਅੰਮ੍ਰਿਤਸਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਹੋਏ ਸਰੂਪਾਂ ਦੇ ਮਾਮਲੇ ਵਿਚ ਅੱਜ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਜਥੇ. ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸ਼੍ਰੋਮਣੀ ਕਮੇਟੀ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਪੁੱਜੇ ਜਿਸ ਮਗਰੋਂ ਜਥੇਦਾਰ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ 2016 ਦੀ ਅੰਤ੍ਰਿੰਗ ਕਮੇਟੀ ਦੇ ਮੈਂਬਰਾਂ ਨੂੰ ਧਾਰਮਿਕ ਸਜ਼ਾ ਸੁਣਾਈ।
ਗਿਆਨੀ ਹਰਪ੍ਰੀਤ ਸਿੰਘ ਨੇ ਸੁੱਚਾ ਸਿੰਘ ਲੰਗਾਹ ਨੂੰ ਸਮਰਥਨ ਦੇਣ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਗੁਰਿੰਦਰਪਾਲ ਸਿੰਘ ਗੋਰਾ, ਰਤਨ ਸਿੰਘ ਜੱਫਰਵਾਲ ਤੇ ਪ੍ਰੋ. ਸਰਚਾਂਦ ਸਿੰਘ ਨੂੰ ਧਾਰਮਿਕ ਸਜ਼ਾ ਸੁਣਾਈ ਤੇ ਕਿਹਾ ਕਿ ਸਾਰੇ ਮੈਂਬਰ ਆਪੋ ਆਪਣੇ ਘਰ ਸਹਿਜ ਪਾਠ ਕਰਨਗੇ। ਜਿਹੜਾ ਆਪ ਪਾਠ ਕਰਨ ਦੀ ਅਵਸਥਾ ਵਿਚ ਨਹੀਂ ਹੈ, ਉਹ ਪਾਠੀ ਸਿੰਘ ਨੂੰ ਸੱਦ ਕੇ ਵੱਧ ਤੋਂ ਵੱਧ ਪਾਠ ਰੋਜ਼ਾਨਾ ਸਰਵਣ ਕਰੇਗਾ। ਇਸਦੇ ਨਾਲ ਹੀ ਜਿੰਨਾ ਚਿਰ ਪਾਠ ਚਲਦਾ ਰਹੇਗਾ, ਉਨਾ ਚਿਰ ਘਰ ਨੇੜਲੇ ਗੁਰਦੁਆਰਾ ਸਾਹਿਬ ਵਿਚ ਰੋਜ਼ਾਨਾ ਵੱਧ ਤੋਂ ਵੱਧ ਸੇਵਾ ਕੀਤੀ ਜਾਵੇਗੀ। ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਿਖੇ ਭਾਂਡੇ ਸਾਫ ਕਰਨ ਤੇ ਕੀਰਤਨ ਸਵਰਨ ਕਰਨ ਤੇ 1100 ਦੀ ਕੜਾਹ ਪ੍ਰਸਾਦ ਦੀ ਦੇਗ ਕਰਾਉਣ ਦੀ ਸਜ਼ਾ ਸੁਣਾਈ ਗਈ।
ਇਹ ਸਾਰੇ ਮੈਂਬਰ ਸਾਰਾਗੜ੍ਹੀ ਸਰਾਂ ਤੋਂ ਲੈ ਕੇ ਘੰਟਾ ਘਰ ਚੌਕ ਤੱਕ ਝਾੜੂ ਦੀ ਸੇਵਾ ਵੀ ਕਰਨਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੈਂਬਰ ਇੱਕ ਸਾਲ ਲਈ ਸ਼੍ਰੋਮਣੀ ਕਮੇਟੀ ਵਿੱਚ ਕੋਈ ਵੀ ਅਹੁਦਾ ਨਹੀਂ ਲੈ ਸਕਣਗੇ ਭਾਵੇਂ ਉਹ ਸਬ ਕਮੇਟੀ ਦੀ ਮੈਂਬਰਸ਼ਿਪ ਹੀ ਕਿਉਂ ਨਾ ਹੋਵੇ। ਸ਼੍ਰੋਮਣੀ ਕਮੇਟੀ ਨੂੰ ਵੀ ਹਦਾਇਤ ਕੀਤੀ ਗਈ ਕਿ ਹੁਕਮ ਦੀ ਤਾਮੀਲ ਕਰਵਾਈ ਜਾਵੇ ਤੇ ਇਨ੍ਹਾਂ ਮੈਂਬਰਾਂ ਨੂੰ ਇੱਕ ਸਾਲ ਲਈ ਕੋਈ ਅਹੁਦਾ ਨਾ ਦਿੱਤਾ ਜਾਵੇ।