Two Punjabis stranded : ਜਲੰਧਰ : ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ‘ਤੇ ਦੁਬਈ ‘ਚ ਰਹਿ ਰਹੇ ਗੁਰਦੀਪ ਸਿੰਘ ਗੋਰਾਇਆ ਤੇ ਚਰਨਜੀਤ ਸਿੰਘ ਦੀ ਵੀਡੀਓ ਵਾਇਰਲ ਕੀਤੀ ਗਈ ਸੀ ਜਿਸ ਵਿਚ ਦੇਖਿਆ ਗਿਆ ਸੀ ਕਿ ਉਹ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਹਨ ਤੇ ਉਨ੍ਹਾਂ ਦੀ ਘਰ ਵਾਪਸੀ ਦੀਆਂ ਗੁਹਾਰਾਂ ਲਗਾਈਆਂ ਜਾ ਰਹੀਆਂ ਸਨ। ਅੱਜ ਦੁਬਈ ‘ਚ ਫਸੇ ਦੋ ਪੰਜਾਬੀਆਂ ਵਿਅਕਤੀਆਂ ਦੀ ਬੀਤੀ ਰਾਤ ਘਰ ਵਾਪਸੀ ਹੋਈ। ਘਰ ਪਹੁੰਚ ਕੇ ਇਨ੍ਹਾਂ ਦੋਵੇਂ ਨੌਜਵਾਨਾਂ ਨੇ NGO ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰ ਦਾ ਧੰਨਵਾਦ ਕੀਤਾ ਤੇ ਨਾਲ ਹੀ ਆਪ ਬੀਤੀ ਵੀ ਸੁਣਾਈ।
ਚਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਪਹਿਲਾਂ ਦੁਬਈ ‘ਚ ਹਲਕਾ ਕੰਮ ਕਰਵਾਇਆ ਜਾਂਦਾ ਸੀ ਪਰ ਬਾਅਦ ‘ਚ ਉਨ੍ਹਾਂ ਨੂੰ ਭਾਰੀ ਕੰਮ ਦੇ ਦਿੱਤਾ ਗਿਆ ਤੇ ਜਦੋਂ ਉਨ੍ਹਾਂ ਨੂੰ ਕੰਮ ਨਹੀਂ ਮਿਲਦਾ ਸੀ ਤਾਂ ਫੁੱਟਪਾਥ ‘ਤੇ ਜੀਵਨ ਬਤੀਤ ਕਰਨ ਨੂੰ ਮਜਬੂਰ ਹੋ ਗਏ ਤੇ ਫਿਰ ਇੱਕ ਪਾਕਿਸਤਾਨ ਨੌਜਵਾਨ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਉਨ੍ਹਾਂ ਦੀ ਵੀਡੀਓ ਵਾਇਰਲ ਕਰ ਦੇਵੇਗਾ ਜਿਸ ਨਾਲ ਉਨ੍ਹਾਂ ਨੂੰ ਘਰ ਪੁੱਜਣ ‘ਚ ਮਦਦ ਮਿਲੇਗੀ। ਇਸੇ ਤਰ੍ਹਾਂ ਚਰਨਜੀਤ ਨੇ ਦੱਸਿਆ ਕਿ ਡੇਢ ਸਾਲ ਤੋਂ ਉਹ ਫੁੱਟਪਾਥ ‘ਤੇ ਰਹਿ ਰਹੇ ਸਨ ਅਤੇ ਖਾਣ-ਪੀਣ ਲਈ ਉਥੋਂ ਦੇ ਲੋਕ ਕੁਝ ਦੇ ਦਿੰਦੇ ਸਨ। ਉਨ੍ਹਾਂ ਦਾ ਪਾਸਪੋਰਟ ਵੀ ਉਥੋਂ ਦੇ ਸ਼ੇਖ ਕੋਲ ਸੀ। ਉਨ੍ਹਾਂ ਐੱਨ. ਜੀ. ਓ. ਜੋਗਿੰਦਰ ਸਲਾਰੀਆ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਸਦਕਾ ਹੀ ਅੱਜ ਉਹ ਆਪਣੇ ਘਰ ਵਾਪਸ ਪਹੁੰਚ ਚੁੱਕੇ ਹਨ।
ਐੱਨ. ਜੀ. ਓ. ਦੇ ਮੈਂਬਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਵੀਡੀਓ ਦੇਖੀ ਤਾਂ ਇਸ ਸਬੰਧੀ ਉਨ੍ਹਾਂ ਨੇ ਜੋਗਿੰਦਰ ਸਲਾਰੀਆ ਅਤੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੱਕ ਪਹੁੰਚ ਕੀਤੀ ਤੇ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ। ਦੋਵੇਂ ਦੇਸ਼ਾਂ ਨੇ ਉਨ੍ਹਾਂ ਦੀ ਮਦਦ ਕਰਨ ਦਾ ਪੂਰਾ ਭਰੋਸਾ ਦਿੱਤਾ ਤੇ ਉਸੇ ਸਦਕਾ ਹੀ ਅੱਜ ਦੋਵੇਂ ਪੰਜਾਬੀਆਂ ਦੀ ਘਰ ਵਾਪਸੀ ਸੰਭਵ ਹੋ ਸਕੀ ਹੈ।