In laws killed Dauhter in law : ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਦੀ ਰਹਿਣ ਵਾਲੀ ਇੱਕ 25 ਸਾਲਾ ਵਿਆਹੁਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦਾ ਇੱਕ ਡੇਢ ਸਾਲ ਦਾ ਪੁੱਤਰ ਵੀ ਸੀ। ਲੜਕੀ ਦੇ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ ’ਤੇ ਉਸ ਨਾਲ ਕਥਿਤ ਤੌਰ ’ਤੇ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ, ਜਿਸ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ 25 ਸਾਲਾ ਪਰਮਜੀਤ ਕੌਰ ਵਜੋਂ ਹੋਈ ਹੈ। ਮ੍ਰਿਤਕਾ ਦੀ ਮਾਤਾ ਗੁਰਦੇਵ ਕੌਰ, ਪਿਤਾ ਮੰਦਰ ਸਿੰਘ ਅਤੇ ਭਰਾ ਜੱਜ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਟਲੀ ਸੰਘਰ ਦੀ ਰਹਿਣ ਵਾਲੀ ਉਨ੍ਹਾਂ ਦੀ ਧੀ ਪਰਮਜੀਤ ਕੌਰ ਦਾ ਵਿਆਹ ਢਾਈ ਸਾਲ ਪਹਿਲਾਂ ਸੰਜੇ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਅਜ਼ੀਮਗੜ੍ਹ ਬਸਤੀ ਅਬੋਹਰ ਨਾਲ ਹੋਇਆ ਸੀ਼। ਵਿਆਹ ਤੋਂ ਕੁੱਝ ਦਿਨਾਂ ਬਾਅਦ ਹੀ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗਾ ਅਤੇ ਅਕਸਰ ਹੀ ਸੱਸ, ਸਹੁਰਾ ਅਤੇ ਪਤੀ ਲੜਕੀ ਦੀ ਕਥਿਤ ਕੁੱਟਮਾਰ ਕਰਦੇ ਰਹਿੰਦੇ ਸੀ।
ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਵੁਮੈਨ ਸੈੱਲ ’ਚ ਵੀ ਸ਼ਿਕਾਇਤ ਦਿੱਤੀ ਸੀ ਪਰ ਉਥੇ ਉਨ੍ਹਾਂ ਦਾ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਅਤੇ ਉਹ ਵਾਪਿਸ ਆਪਣੇ ਸਹੁਰੇ ਘਰ ਚਲੀ ਗਈ ਸੀ। ਪਰ ਸਹੁਰਾ ਪਰਿਵਾਰ ਫਿਰ ਉਸਦੀ ਕੁੱਟਮਾਰ ਕਰਨ ਲੱਗਾ ਅਤੇ ਕੁੱਝ ਦਿਨ ਪਹਿਲਾਂ ਪਰਮਜੀਤ ਕੌਰ ਨੂੰ ਉਸਦੀ ਸੱਸ, ਸਹੁਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਛੱਤ ਉਪਰੋਂ ਧੱਕਾ ਮਾਰ ਕੇ ਹੇਠਾਂ ਸੁੱਟ ਦਿੱਤਾ ਸੀ, ਜਿਸ ‘ਤੇ ਉਹ ਲੋਕ ਪਰਮਜੀਤ ਕੌਰ ਨੂੰ ਆਪਣੇ ਘਰ ਲੈ ਆਏ ਸਨ ਅਤੇ ਉਸਦਾ ਫਰੀਦਕੋਟ ਅਤੇ ਬਠਿੰਡਾ ਹਸਪਤਾਲ ’ਚੋਂ ਇਲਾਜ ਕਰਵਾਇਆ ਪਰ ਉਸ ਦੀ ਹਾਲਤ ਗੰਭੀਰ ਸੀ। ਸ਼ੁੱਕਰਵਾਰ ਸਵੇਰੇ ਪਰਮਜੀਤ ਕੌਰ ਨੇ ਦਮ ਤੋੜ ਦਿੱਤਾ।
ਪਰਿਵਾਰਿਕ ਮੈਂਬਰਾਂ ਨੇ ਇਸ ਸੰਬੰਧੀ ਪੁਲਿਸ ’ਚ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਦਾ ਸਹੁਰਾ ਪਰਿਵਾਰ ਦੇ ਖਿਲਾਫ ਸਖ਼ਤ ਕਾਰਵਾਈ ਕਰਦਿਆਂ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਥਾਣਾ ਅਬੋਹਰ ਪੁਲਿਸ ਦੇ ਏਐਸਆਈ ਮਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।