DC honors officers : ਜਲੰਧਰ : ਜਿਲ੍ਹਾ ਜਲੰਧਰ ਵਿਖੇ ਸੇਵਾ ਕੇਂਦਰਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਹੈ। ਸਾਰੇ ਮੁਲਾਜ਼ਮ ਪੂਰੀ ਈਮਾਨਦਾਰੀ ਤੇ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੇ ਹਨ। ਇਸੇ ਤਹਿਤ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਸੇਵਾ ਕੇਂਦਰਾਂ ‘ਚ ਪੈਂਡਿੰਗ ਕੇਸ ਘਟਾਉਣ ਅਤੇ ਪੰਜਾਬ ਵਿਚ ਸੇਵਾ ਕੇਂਦਰਾਂ ਵਿਚ ਸਭ ਤੋਂ ਘੱਟ ਪੈਂਡੈਂਸੀ ਦੇ ਮਾਮਲੇ ਵਿੱਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਿਚ ਬੇਮਿਸਾਲ ਯੋਗਦਾਨ ਪਾਉਣ ਵਾਲੇ 15 ਅਧਿਕਾਰੀਆਂ/ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਮੁਲਾਜ਼ਮ ਉਤਸ਼ਾਹਿਤ ਹੋ ਸਕਣ।
ਮੁਲਾਜ਼ਮਾਂ ਵੱਲੋਂ ਨਾਗਰਿਕ ਕੇਂਦਰਿਤ ਸੇਵਾਵਾਂ ਨੂੰ ਨਿਰਧਾਰਤ ਸਮੇਂ ਵਿੱਚ ਯਕੀਨੀ ਬਣਾਉਣ ਦੀ ਦ੍ਰਿੜਤਾ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਨੂੰ ਨਿਪੁੰਨਤਾ ਨਾਲ ਨਿਭਾਉਣਾ ਜਾਰੀ ਰੱਖਣ, ਜਿਵੇਂ ਕਿ ਉਹ ਮੌਜੂਦਾ ਸਮੇਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀਆਂ/ਕਰਮਚਾਰੀਆਂ ਦੀ ਸਖਤ ਮਿਹਨਤ ਸਦਕਾ ਹੀ ਭਾਰਤ ਸਰਕਾਰ ਵੱਲੋਂ ਲੋਕਾਂ ਨੂੰ ਸੇਵਾਵਾਂ ਪਹੁੰਚਾਉਣ ਵਿੱਚ ਸੁਧਾਰ ਲਿਆਉਣ ਦੀ ਸ਼੍ਰੇਣੀ ਵਿੱਚ ਪ੍ਰਧਾਨਮੰਤਰੀ ਪੁਰਸਕਾਰਾਂ ਦੇ ਦੂਜੇ ਪੜਾਅ ਲਈ ਪੰਜਾਬ ਵਿੱਚੋਂ ਜਲੰਧਰ ਜ਼ਿਲ੍ਹੇ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਅਧਿਕਾਰੀ/ਕਰਮਚਾਰੀ ਸੇਵਾ ਕੇਂਦਰਾਂ ਵਿੱਚ ਜ਼ੀਰੋ ਪੈਂਡੈਂਸੀ ਨੂੰ ਯਕੀਨੀ ਬਣਾਉਣ ਵਿੱਚ ਇਸੇ ਤਰ੍ਹਾਂ ਵਧੀਆ ਪ੍ਰਦਰਸ਼ਨ ਕਰਦੇ ਰਹਿਣਗੇ ਤੇ ਕਿਸੇ ਨੂੰ ਸ਼ਿਕਾਇਤ ਦਾ ਕੋਈ ਮੌਕਾ ਨਹੀਂ ਦੇਣਗੇ।
ਡਿਪਟੀ ਕਮਿਸ਼ਨਰ ਨੇ ਅੱਜ ਸਥਾਨਕ ਰਜਿਸਟਰਾਰ ਮਧੂ ਭਾਰਦਵਾਜ, ਏਐਸਆਈ ਦਿਲਬਾਗ ਸਿੰਘ, ਕਲਰਕ ਸਤਿੰਦਰ ਸਿੰਘ, ਏਐਮਓ ਕੁਲਵੰਤ ਸਿੰਘ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਹਰਪ੍ਰੀਤ ਸਿੰਘ, ਸੈਕਸ਼ਨ ਇੰਚਾਰਜ ਇੰਜੀਨੀਅਰ ਜਸਵੀਰ ਸਿੰਘ, ਵਿਜੇ ਸਿੰਘ, ਡਾ. ਰੋਹਿਤ ਸ਼ਰਮਾ, ਡਾ. ਰਾਜੇਸ਼ ਸ਼ਰਮਾ, ਡਾਟਾ ਮੈਨੇਜਰ ਵਿਜੇ ਇੰਦਰ ਪਾਲ, ਜ਼ਿਲ੍ਹਾ ਤਕਨੀਕੀ ਕੋਆਰਡੀਨੇਟਰ ਹਤਿੰਦਰ ਕੁਮਾਰ, ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਗੁਰਪ੍ਰੀਤ ਸਿੰਘ, ਸਹਾਇਕ ਜ਼ਿਲ੍ਹਾ ਈ-ਗਵਰਨੈਂਸ ਕੋਆਰਡੀਨੇਟਰ ਸੰਜੀਵ ਕੁਮਾਰ, ਜ਼ਿਲ੍ਹਾ ਵਿਕਾਸ ਫੈਲੋ ਸੌਮਾ ਸ਼ੇਖਰ ਗੰਗੋਪਾਧਿਆਏ ਅਤੇ ਸੇਵਾ ਕੇਂਦਰ ਦੇ ਸੰਚਾਲਕ ਨਵਨੀਤ ਕੁਮਾਰ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਪੱਤਰ ਅਤੇ ਸਮਾਰਟ ਫਿਟਨੈਸ ਬੈਂਡ ਦਿੱਤੇ ਗਏ।