Elderly parents came : ਬਟਾਲਾ : ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਡਾ. ਐੱਸ. ਪੀ. ਸਿੰਘ ਓਬਰਾਏ ਹਮੇਸ਼ਾ ਹੀ ਆਪਣੇ ਨੇਕ ਕੰਮਾਂ ਲਈ ਪਛਾਣੇ ਜਾਂਦੇ ਹਨ। ਜਦੋਂ ਕਦੇ ਉਹ ਸੋਸ਼ਲ ਮੀਡੀਆ ‘ਤੇ ਕਿਸੇ ਬੇਸਹਾਰਾ ਦੀ ਵੀਡੀਓ ਵਾਇਰਲ ਹੁੰਦੀ ਦੇਖਦੇ ਹਨ ਜਾਂ ਕਿਸੇ ਨਾਲ ਅਨਿਆਂ ਹੁੰਦਿਆਂ ਦੇਖਦੇ ਹਨ ਤਾਂ ਤੁਰੰਤ ਹੀ ਉਸ ਦੀ ਮਦਦ ਲਈ ਅੱਗੇ ਆ ਜਾਂਦੇ ਹਨ। ਇੱਕ ਵਾਰ ਫਿਰ ਡਾ. ਓਬਰਾਏ ਬੇਸਹਾਰਾ ਹੋਏ ਬਜ਼ੁਰਗ ਮਾਪਿਆਂ ਮਸੀਹਾ ਬਣ ਕੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਇਸ ਬਜ਼ੁਰਗ ਜੋੜੇ ਦੇ ਦੋਵਾਂ ਪੁੱਤਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਧੀ ਹੈ ਜਿਹੜੀ ਕਿ ਵਿਆਹੀ ਹੋਈ ਹੈ।
ਜਦੋਂ ਡਾ. ਓਬਰਾਏ ਨੇ ਸੋਸ਼ਲ ਮੀਡੀਆ ‘ਤੇ ਇਸ ਬਜ਼ੁਰਗ ਜੋੜੇ ਦੀ ਦਾਸਤਾਨ ਦੀ ਵੀਡੀਓ ਦੇਖੀ ਤਾਂ ਉਨ੍ਹਾਂ ਦੀ ਤਰਸਯੋਗ ਹਾਲਤ ਦੇਖ ਕੇ ਡਾ. ਓਬਰਾਏ ਦਾ ਮਨ ਪਸੀਜ ਗਿਆ ਅਤੇ ਉਹ ਇਸ ਬੇਸਹਾਰਾ ਬਜ਼ੁਰਗ ਜੋੜੇ ਦੀ ਮਦਦ ਲਈ ਅੱਗੇ ਆਏ। ਜਿਲ੍ਹਾ ਗੁਰਦਾਸਪੁਰ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੀ ਵੱਲੋਂ ਕਾਦੀਆਂ ਦੇ ਸਿਵਲ ਲਾਈਨ ਮੁਹੱਲੇ ‘ਚ ਇਸ ਬਜ਼ੁਰਗ ਪਤੀ-ਪਤਨੀ ਬਾਰੇ ਡਾ. ਓਬਰਾਏ ਨੂੰ ਦੱਸਿਆ ਤਾਂ ਕੌਂਸਲਰ ਅਮਰਇਕਬਾਲ ਸਿੰਘ ਸਾਬਾ ਮਹਾਲ, ਸਮਾਜ ਸੇਵੀ ਆਗੂ ਗੁਰਦਿਲਬਾਗ ਸਿੰਘ ਮਾਹਲ, ਜਿਲ੍ਹਾ ਪਲਾਨਿੰਗ ਬੋਰਡ ਗੁਰਦਾਸਪੁਰ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ ਨੇ ਤੁਰੰਤ ਕਾਰਵਾਈ ਕੀਤੀ।
ਬਜ਼ੁਰਗ ਦੀ ਪਛਾਣ ਪੂਰਨ ਸਿੰਘ ਵਜੋਂ ਹੋਈ ਹੈ। ਸਰਬੱਤ ਦਾ ਭਲਾ ਟਰੱਸਟ ਜਿਲ੍ਹਾ ਗੁਰਦਾਸਪੁਰ ਦੀ ਟੀਮ ਵੱਲੋਂ ਪਹਿਲਾਂ ਜਾ ਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ ਗਿਆ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਗਈ ਤੇ ਨਾਲ ਹੀ ਮੌਕੇ ‘ਤੇ ਟਰੱਸਟ ਵੱਲੋਂ ਇਸ ਬਜ਼ੁਰਗ ਜੋੜੇ ਦੀ 5000 ਰੁਪਏ ਪੈਨਸ਼ਨ ਵੀ ਲਗਾਏ ਗਈ। ਇਲਾਕੇ ਦੇ ਕੌਂਸਲਰ ਅਮਰਇਕਬਾਲ ਸਿੰਘ ਮਾਹਲ ਨੇ ਡਾ. ਐੱਸ. ਪੀ. ਸਿੰਘ ਓਬਰਾਏ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਟੀਮ ਵੱਲੋਂ ਹਮੇਸ਼ਾ ਲੋਕਾਂ ਦੇ ਪਰਉਪਕਾਰ ਲਈ ਕੰਮ ਕੀਤੇ ਜਾਂਦੇ ਰਹੇ ਹਨ।