NIFT to fix : ਜਲੰਧਰ : ਨੌਜਵਾਨ ਪੀੜ੍ਹੀ ਨੂੰ ਰੋਜ਼ਗਾਰ ਨਿਸ਼ਚਿਤ ਕਰਵਾਉਣ ਦੇ ਉਦੇਸ਼ ਨਾਲ ਨਾਰਦਰਨ ਇੰਡੀਆ ਇੰਸਟੀਚਿਊਟ ਆਫ ਫੈਸ਼ਨ ਟੈਕਨਾਲੋਜੀ NIFT ਵੱਲੋਂ ਇੰਡਸਟਰੀ ਦੀ ਲੋੜ ਮੁਤਾਬਕ ਹੀ ਸਿਲੇਬਸ ਤੈਅ ਕੀਤੇ ਜਾਣਗੇ। NIFT ਤੋਂ ਸਿੱਖਿਆ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੀ ਬਜਾਏ ਪ੍ਰੈਕਟੀਕਲ ਗਿਆਨ ਦੇਣ ‘ਤੇ ਧਿਆਨ ਦਿੱਤਾ ਜਾਵੇਗਾ। ਵਿਦਿਆਰਥੀਆਂ ਦੇ ਕੋਰਸ 70 ਫੀਸਦੀ ਦੇ ਲਗਭਗ ਪ੍ਰੈਕਟੀਕਲ ਤੇ 30 ਫੀਸਦੀ ਕਿਤਾਬੀ ਗਿਆਨ ‘ਤੇ ਆਧਾਰਿਤ ਹੋਣਗੇ।
ਜਲੰਧਰ ਦੇ ਗੁਰੂ ਗੋਬਿੰਦ ਸਿੰਘ ਐਵੇਨਿਊ ਇਲਾਕੇ ‘ਚ ਸਥਿਤ NIFT ‘ਚ 30 ਸੀਟਾਂ ਨਾਲ 2020-21 ਸੈਸ਼ਨ ਲਈ ਬੀ. ਐੱਸ. ਸੀ. ਫੈਸ਼ਨ ਡਿਜ਼ਾਈਨਿੰਗ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ‘ਚ 6 ਸਮੈਸਟਰ ਸ਼ਾਮਲ ਹੋਣਗੇ। ਬੀ. ਐੱਸ. ਸੀ. ਦੀ ਡਿਗਰੀ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਨਾਲਜ ਲਈ ਸਬੰਧਤ ਇੰਡਸਟਰੀ ‘ਚ ਟ੍ਰੇਨਿੰਗ ਲਈ ਭਿਜਵਾਇਆ ਜਾਵੇਗਾ। ਇੰਸਟੀਚਿਊਟ ਨੂੰ ਪੰਜਾਬ ਟੈਕਨੀਕਲ ਯੂਨੀਵਰਸਿਟੀ ਪੀ. ਟੀ. ਯੂ. ਤੋਂ ਐਫਲੀਏਸ਼ਨ ਪ੍ਰਾਪਤ ਹੈ ਪਰ ਸਿਲੇਬਸ ਤੇ ਫੈਕਲਟੀ ਮੈਂਬਰ NIFT ਵੱਲੋਂ ਉਪਲਬਧ ਕਰਵਾਏ ਜਾ ਰਹੇ ਹਨ।
ਵਿਧਾਨ ਸਭਾ ਹਲਕਾ ਜਲੰਧਰ ਸੈਂਟਰ ਦੇ ਵਿਧਾਇਕ ਰਾਜੇਂਦਰ ਬੇਰੀ ਨੇ ਦੱਸਿਆ ਕਿ ਲਗਭਗ 3 ਕਰੋੜ ਰੁਪਏ ਖਰਚ ਕੇ NIFT ‘ਚ ਮੌਜੂਦਾ ਸੈਸ਼ਨ ਨਾਲ ਗ੍ਰੈਜੂਏਸ਼ਨ ਦੀ ਡਿਗਰੀ ਸ਼ੁਰੂ ਕਰਵਾਈ ਗਈ ਹੈ। ਕੋਵਿਡ-19 ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਆਨਲਾਈਨ ਕਲਾਸਾਂ ਵੀ ਉਪਲਬਧ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜਲੰਧਰ ‘ਚ ਅਜਿਹੇ ਇੰਸਟੀਚਿਊਟ ‘ਚ ਕੋਰਸ ਸ਼ੁਰੂ ਹੋਣਾ ਨੌਜਵਾਨ ਪੀੜ੍ਹੀ ਲਈ ਇੱਕ ਵੱਡੀ ਉਪਲਬਧੀ ਤੇ ਭਵਿੱਖ ਨੂੰ ਲੈ ਕੇ ਇੱਕ ਸੁਨਿਹਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਉਦਯੋਗਪਤੀਆਂ ਨਾਲ ਬੈਠਕ ਕੀਤੀ ਜਾਵੇਗੀ ਤੇ ਇੰਡਸਟਰੀ ਦੀ ਲੋੜ ਮੁਤਾਬਕ ਕੋਰਸ ਡਿਜ਼ਾਈਨ ਕਰ ਦਿੱਤੇ ਜਾਣਗੇ।