Bahadur Kusum of : ਜਲੰਧਰ : 15 ਸਾਲਾ ਬਹਾਦੁਰ ਲੜਕੀ ਕੁਸੁਮ ਦੀ ਬਹਾਦੁਰੀ ਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਉਣ ਲਈ ਜਿਲ੍ਹੇ ਦੇ ਡੀ. ਸੀ. ਘਣਸ਼ਿਆਮ ਥੋਰੀ ਨੇ ਕੁਸੁਮ ਨੂੰ ਰਾਸ਼ਟਰੀ ਬਹਾਦੁਰੀ ਪੁਰਸਕਾਰ ਲਈ ਨਾਮਜ਼ਦ ਕੀਤਾ ਹੈ। ਇਹ ਐਵਾਰਡ ਹਰ ਸਾਲ ਵਿਸ਼ੇਸ਼ ਬਹਾਦੁਰੀ ਦਿਖਾਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰਾਸ਼ਟਰੀ ਬਾਲ ਕਲਿਆਣ ਕੌਂਸਲ ਵੱਲੋਂ ਦਿੱਤਾ ਜਾਂਦਾ ਹੈ।
ਜਿਲ੍ਹਾ ਮੈਜਿਸਟ੍ਰੇਟ ਵੱਲੋਂ ਦਾਖਲ ਹੋਣ ਵਾਲੇ ਨਾਮਜ਼ਦਗੀਆਂ ‘ਚੋਂ ਕੁਝ ਚੁਣੇ ਨਾਵਾਂ ਨੂੰ ਕੌਂਸਲ ਵੱਲੋਂ ਐਵਾਰਡ ਲਈ ਚੁਣਿਆ ਜਾਂਦਾ ਹੈ। ਇਸ ਸਾਲ ਜਿਲ੍ਹੇ ਤੋਂ ਇਸ ਐਵਾਰਡ ਲਈ ਡੀ. ਸੀ. ਵੱਲੋਂ ਕੁਸੁਮ ਦੇ ਨਾਂ ਦੀ ਸਿਫਾਰਸ਼ ਕੀਤੀ ਗਈ ਹੈ ਜਿਸ ਨੇ ਲੁੱਟ ਦੀ ਵਾਰਦਾਤ ਨੂੰ ਨਾ ਸਿਰਫ ਅਸਫਲ ਬਣਾਇਆ ਸਗੋਂ ਇੱਕ ਲੁਟੇਰੇ ਨੂੰ ਕਾਬੂ ਵੀ ਕਰ ਲਿਆ। ਇਸ ਦੌਰਾਨ ਉਸ ਨੂੰ ਗੰਭੀਰ ਸੱਟ ਵੀ ਲੱਗੀ। ਡੀ. ਸੀ. ਨੇ ਦੱਸਿਆ ਕਿ ਕੁਸੁਮ ਦੂਜੀਆਂ ਲੜਕੀਆਂ ਲਈ ਆਦਰਸ਼ ਬਣ ਚੁੱਕੀ ਹੈ ਤੇ ਉਸ ਦੀਆਂ ਕੋਸ਼ਿਸ਼ਾਂ ਰਾਸ਼ਟਰੀ ਪੱਧਰ ‘ਤੇ ਪਛਾਣ ਦੇ ਕਾਬਲ ਹਨ। ਜਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕੁਸੁਮ ਨੂੰ ਵਿੱਤੀ ਸਹਾਇਤਾ ਅਤੇ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਕੁਸੁਮ ਦੀਆਂ ਕੋਸ਼ਿਸ਼ਾਂ ਨੂੰ ਰਾਸ਼ਟਰੀ ਪੱਧਰ ‘ਤੇ ਪਛਾਣ ਦਿਵਾਉਣ ਦਾ ਸਮਾਂ ਹੈ ਜਿਸ ਤਹਿਤ ਉਸ ਦੇ ਨਾਮਜ਼ਦਗੀ ਦੀ ਸਾਰੀ ਕਾਰਵਾਈ ਪੂਰੀ ਕਰਕੇ ਉਸ ਦਾ ਨਾਂ ਪੰਜਾਬ ਕੌਂਸਲ ਫਾਰ ਚਾਈਲਡ ਵੈਲਫੇਅਰ ਕੋਲ ਭੇਜਿਆ ਜਾ ਚੁੱਕਾ ਹੈ। ਡੀ. ਏ. ਵੀ. ਮਾਡਲ ਸਕੂਲ ਦੀ 8ਵੀਂ ਕਲਾਸ ਦੀ ਵਿਦਿਆਰਥਣ ਕੁਸੁਮ ਨੇ 30 ਅਗਸਤ ਨੂੰ ਲੁੱਟ ਦੀ ਵਾਰਦਾਤ ਦਾ ਸਾਹਮਣਾ ਕੀਤਾ ਸੀ। ਜਿਸ ‘ਚ ਦੋ ਬਾਈਕ ਸਵਾਰ ਲੁਟੇਰਿਆਂ ਨੇ ਉਸ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ਉਸ ਨੂੰ ਉਸ ਦੇ ਭਰਾ ਨੇ ਆਨਲਾਈਨ ਪੜ੍ਹਾਈ ਲਈ ਦਿੱਤਾ ਸੀ। ਪਰ ਕੁਸੁਮ ਨੇ ਮੋਬਾਈਲ ਦੀ ਲੁਟ ਨੂੰ ਅਸਫਲ ਕਰ ਦਿੱਤਾ। ਹਥਿਆਰਬੰਦ ਲੁਟੇਰਿਆਂ ਨੇ ਉਸ ਦੀ ਬਾਂਹ ‘ਤੇ ਸੱਟ ਮਾਰੀ ਇਸ ਦੇ ਬਾਵਜੂਦ ਕੁਸੁਮ ਨੇ ਉਨ੍ਹਾਂ ‘ਚੋਂ ਇੱਕ ਦੋਸ਼ੀ ਨੂੰ ਹੇਠਾਂ ਡੇਗ ਦਿੱਤਾ।