Special Covid Care : ਬਠਿੰਡਾ : ਸਿਵਲ ਹਸਪਤਾਲ ਦੇ ਵੂਮੈਨ ਐਂਡ ਚਿਲਡਰਨ ਹਸਪਤਾਲ ‘ਚ ਗਰਭਵਤੀ ਔਰਤਾਂ ਲਈ ਆਕਸੀਜਨ ਬੈੱਡ (ਲੈਵਲ-2) ਦਾ ਖਾਸ ਕੋਵਿਡ ਕੇਅਰ ਵਾਰਡ ਸਥਾਪਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ SMO ਡਾ. ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਹਸਪਤਾਲ ‘ਚ ਕੋਰੋਨਾ ਪਾਜੀਟਿਵ ਗਰਭਵਤੀ ਔਰਤਾਂ ਲਈ 6 ਬੈੱਡ ਵਾਲੇ ਖਾਸ ਕੋਵਿਡ ਕੇਅਰ ਵਾਰਡ ਜ਼ਰੂਰੀ ਸਹੂਲਤਾਂ ਅਤੇ ਡਾਕਟਰ ਟੀਮ ਨਾਲ 24 ਘੰਟੇ ਖੁੱਲ੍ਹਾ ਹੈ।
ਵਾਰਡ ‘ਚ ਲੋੜ ਪੈਣ ‘ਤੇ ਬੈੱਡਾਂ ਦੀ ਗਿਣਤੀ ‘ਚ ਵਾਧਾ ਕੀਤਾ ਜਾ ਸਕਦਾ ਹੈ ਤਾਂ ਕਿ ਕੋਰੋਨਾ ਪਾਜੀਟਿਵ ਗਰਭਵਤੀ ਔਰਤਾਂ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। SMO ਡਾ. ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਮਹਿਲਾ ਰੋਗਾਂ ਦੇ ਮਾਹਿਰ ਡਾਕਟਰ ਸ਼ਿਫਟਾਂ ‘ਚ ਡਿਊਟੀ ‘ਤੇ ਤਾਇਨਾਤ ਹੈ ਅਤੇ ਹਰ ਐਮਰਜੈਂਸੀ ਲਈ ਉਚਿਤ ਪ੍ਰਬੰਧ ਕੀਤੇ ਗਏ ਹਨ। ਕੋਰੋਨਾ ਪੀੜਤ ਗਰਭਵਤੀ ਮਹਿਲਾ ਮਰੀਜ਼ ਲਈ ਆਪ੍ਰੇਸ਼ਨ ਤੇ ਇਲਾਜ ਲਈ ਵੱਖ ਤੋਂ ਓ. ਟੀ. ਤਿਆਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ‘ਚ ਹੁਣ ਤਕ ਕੋਰੋਨਾ ਨਾਲ ਪੀੜਤ 7 ਗਰਭਵਤੀ ਔਰਤਾਂ ਨੂੰ ਇਲਾਜ ਲਈ ਦਾਖਲ ਕੀਤਾ ਗਿਆ। ਇਸ ਦੌਰਾਨ ਰਿਕਵਰ ਹੋਣ ‘ਤੇ ਨਾਰਮਲ ਤੇ ਸਫਲ ਆਪ੍ਰੇਸ਼ਨ ਨਾਲ ਡਲਿਵਰੀ ਕਰਵਾਈ ਗਈ, ਪੂਰੀ ਤਰ੍ਹਾਂ ਸਿਹਤਮੰਦ ਹੋਣ ‘ਤੇ ਡਿਸਚਾਰਜ ਕਰਕੇ ਘਰ ਭੇਜਿਆ ਗਿਆ। ਫਿਲਹਾਲ ਲੋੜਵੰਦਾਂ ਲਈ ਕੋਵਿਡ ਕੇਅਰ ਗਾਰਡ ਗਰਭਵਤੀ ਔਰਤਾਂ ਲਈ ਫਾਇਦੇਮੰਦ ਸਾਬਤ ਹੋਇਆ ਹੈ।
ਦਾਖਲ ਕੋਰੋਨਾ ਪਾਜੀਟਿਵ 3 ਔਰਤਾਂ ਦੀ ਆਪ੍ਰੇਸ਼ਨ ਅਤੇ 4 ਔਰਤਾਂ ਦੀ ਨਾਰਮਲ ਡਲਿਵਰੀ ਹੋਈ ਹੈ। SMO ਡਾ. ਸੁਖਜਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੋਵਿਡ ਵਾਰਡ ‘ਚ ਮਹਿਲਾ ਰੋਗਾਂ ਦੇ ਗਾਇਨੋਕੋਲਾਜਿਸਟ ਤੇ ਐਨਸਥੀਸੀਆ ਮਾਹਿਰ ਡਾਕਟਰਾਂ ਦੀ ਰੋਸਟਰ ਅਨੁਸਾਰ ਡਿਊਟੀ ਲਗਾਈ ਗਈ ਹੈ। ਡਾਕਟਰਾਂ ਦੀ ਟੀਮ ਵੱਲੋਂ ਪੀ. ਪੀ. ਈ. ਕਿੱਟ ਪਹਿਨ ਕੇ ਗਰਭਵਤੀ ਔਰਤਾਂ ਦੇ ਇਲਾਜ, ਟੈਸਟ ਤੇ ਹੋਰ ਖਾਣ-ਪੀਣ ਦੀ ਸਮੱਗਰੀ ਪਹੁੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ। ਡਲਿਵਰੀ ਲਈ ਖਾਸ ਲੇਬਰ ਰੂਮ ਅਤੇ ਆਪ੍ਰੇਸ਼ਨ ਥੀਏਟਰ ਤਿਆਰ ਕੀਤਾ ਗਿਆ ਜਿਥੇ ਹਰ ਜ਼ਰੂਰੀ ਸਾਮਾਨ ਮੌਜੂਦ ਹੈ।