Lok Insaf Party : ਪਾਇਲ : ਪਾਇਲ ਵਿਖੇ ਥਾਣੇ ‘ਚ ਲੋਕ ਇਨਸਾਫ ਪਾਰਟੀ ਅਤੇ ਪੁਲਿਸ ਪਾਰਟੀ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਗੱਲ ਇੰਨੀ ਜ਼ਿਆਦਾ ਵੱਧ ਗਈ ਕਿ ਪੁਲਿਸ ਨੂੰ ਲਾਠੀਚਾਰਜ ਤੱਕ ਕਰਨਾ ਪਿਆ ਅਤੇ ਧੱਕਾ-ਮੁੱਕੀ ਵੀ ਹੋਈ। ਇਸ ਦੌਰਾਨ SHO ਕਰਨੈਲ ਸਿੰਘ ਦੇ ਕੱਪੜੇ ਵੀ ਫੱਟ ਗਏ ਤੇ ਗਿਆਸਪੁਰਾ ਤੇ ਹੋਰ ਸਾਥੀਆਂ ਦੀਆਂ ਪੱਗਾਂ ਉਤਰ ਗਈਆਂ। ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਤੇ ਲੋਕ ਇਨਸਾਫ਼ ਪਾਰਟੀ ਦੇ ਕੁੱਝ ਸਾਥੀਆਂ ਵੱਲੋਂ ਇੱਟਾਂ ਰੋੜੇ ਵੀ ਚਲਾਏ ਗਏ।
ਮਿਲੀ ਜਾਣਕਾਰੀ ਮੁਤਾਬਕ ਲੋਕ ਇਨਸਾਫ ਪਾਰਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ। ਧਰਨੇ ਦਾ ਮੁੱਖ ਕਾਰਨ ਸੀ ਕਿ ਪਿੰਡ ਮਕਸੂਦੜਾ ਦੇ ਪੰਚ ਅਤੇ ਸਰਪੰਚ ਵੱਲੋਂ ਕੱਚੇ ਮਕਾਨਾਂ ਨੂੰ ਪਾਸ ਕਰਵਾਉਣ ਬਦਲੇ ਪਿੰਡ ਦੇ ਕੁੱਝ ਲੋਕਾਂ ਵੱਲੋਂ ਪੈਸੇ ਲੈਣ ਦਾ ਦੋਸ਼ ਲਗਾਇਆ ਸੀ। ਜਿਸ ਸਬੰਧੀ ਸ਼ਿਕਾਇਤ ਕਰਤਾ ਨੇ ਥਾਣਾ ਪਾਇਲ ਅਤੇ ਐੱਸਡੀਐੱਮ ਪਾਇਲ ਨੂੰ ਦਰਖ਼ਾਸਤ ਦਿੱਤੀ ਸੀ। ਜਿਸ ਦੀ ਸੁਣਵਾਈ ਨਾ ਹੋਣ ‘ਤੇ ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਥਾਣਾ ਪਾਇਲ ਵਿਖੇ ਧਰਨਾ ਲਗਾਇਆ ਗਿਆ ਸੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਿਆਸਪੁਰਾ ਨੇ ਦੱਸਿਆ ਕਿ SHO ਮਲੌਦ ਨੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਵੀ ਧਮਕੀ ਦਿੱਤੀ ਤੇ ਪੁਲਿਸ ਵੱਲੋਂ ਧਰਨਾ ਕਰਨ ਵਾਲੇ ਲੋਕਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਜਦਕਿ ਦੂਜੇ ਪਾਸੇ ਥਾਣਾ ਮਲੌਦ ਦੇ ਮੁਖੀ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਗਿਆਸਪੁਰਾ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦੇ ਕੱਪੜੇ ਪਾੜ ਦਿੱਤੇ।