External Affairs Ministry : ਪਾਕਿਸਤਾਨ ਪੰਜਾਬ ਤੋਂ ਇੱਕ ਸਿੱਖ ਪਰਿਵਾਰ ਦੀ ਲੜਕੀ ਬੁਲਬੁਲ ਕੌਰ ਨੂੰ ਅਗਵਾ ਕਰ ਲਿਆ ਗਿਆ ਸੀ। ਇਸੇ ਸਬੰਧ ‘ਚ ਪਾਕਿਸਤਾਨ ਹਾਈ ਕਮਿਸ਼ਨ ਦੇ ਸੀਨੀਅਰ ਅਧਿਕਾਰੀ ਨੂੰ ਪਾਕਿਸਤਾਨ ‘ਚ ਇੱਕ ਸਿੱਖ ਲੜਕੀ ਦੇ ਅਗਵਾ ਕਰਨ ਦੇ ਮੁੱਦੇ ‘ਤੇ ਵਿਦੇਸ਼ ਮੰਤਰਾਲੇ (ਐਮਈਏ) ਨੇ ਤਲਬ ਕਰ ਦਿੱਤਾ। ਪੁਲਿਸ ਵੱਲੋਂ ਅਗਵਾਕਾਰਾਂ ਵਿਰੁੱਧ ਮਾਮਲਾ ਵੀ ਦਰਜ ਕੀਤਾ ਗਿਆ ਹੈ। ਗੁਰਦੁਆਰਾ ਪੰਜਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਦੋ ਮੁਸਲਿਮ ਨੌਜਵਾਨ ਬੁਲਬੁਲ ਕੌਰ ਨੂੰ ਅਗਵਾ ਕਰਕੇ ਕਿਸੇ ਅਣਜਾਨ ਜਗ੍ਹਾ ‘ਤੇ ਲੈ ਗਏ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੇ ਗ੍ਰੰਥੀ ਸਿੰਘ ਸ. ਪ੍ਰੀਤਮ ਸਿੰਘ ਦੀ 17 ਸਾਲਾ ਧੀ ਬੁਲਬੁਲ ਕੌਰ ਨੂੰ 15 ਦਿਨ ਪਹਿਲਾਂ ਪਾਕਿਸਤਾਨ ਵਿੱਚ ਅਗਵਾ ਕਰ ਲਿਆ ਗਿਆ ਸੀ, ਜਿਸ ਦਾ ਕੁਝ ਵੀ ਪਤਾ ਨਹੀਂ ਲੱਗਾ ਹੈ। ਲੜਕੀ ਦੇ ਪਰਿਵਾਰ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਬੁਲਬੁਲ ਨੂੰ ਦੋ ਮੁਸਲਮਾਨ ਵਿਅਕਤੀਆਂ ਵੱਲੋਂ ਅਗਵਾ ਕੀਤਾ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਨੇ ਇਸ ਬਾਰੇ ਟਵਿੱਟਰ ’ਤੇ ਦੱਸਦਿਆਂ ਕਿਹਾ ਕਿ ਲੜਕੀ ਦੇ ਪਰਿਵਾਰ ਨੂੰ ਸ਼ੱਕ ਹੈ ਕਿ ਬੁਲਬੁਲ ਨੂੰ ਅਗਵਾ ਕਰਕੇ ਉਸ ਦਾ ਜ਼ਬਰਦਸਤੀ ਧਰਮ ਤਬਦੀਲ ਕਰਵਾ ਕੇ ਉਸ ਦਾ ਕਿਸੇ ਨਾਲ ਨਿਕਾਹ ਨਾ ਕਰਵਾ ਦਿੱਤਾ ਗਿਆ ਹੋਵੇ।