Finance Minister Talks : ਪੰਜਾਬ ਸਰਕਾਰ ਵੱਲੋਂ ਬਠਿੰਡਾ ਵਿਖੇ ਫਾਰਮਾ ਪਾਰਕ ਬਣਾਇਆ ਜਾ ਰਿਹਾ ਹੈ। ਇਸੇ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਉਦਯੋਗਿਕ ਖੇਤਰ ਦੇ ਨਿਵੇਸ਼ਕਾਰਾਂ ਤੇ ਆਗੂਆਂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ । ਸੈਸ਼ਨ ਦੀ ਸ਼ੁਰੂਆਤ ਭਾਰਤ ਸਰਕਾਰ ਦੇ ਫਾਰਮਾਸੂਟੀਕਲ ਵਿਭਾਗ ਦੇ ਸੰਯੁਕਤ ਸਕੱਤਰ ਸ਼੍ਰੀ ਨਵਦੀਪ ਰਿਨਵਾ ਵਲੋਂ ਭਾਰਤ ਸਰਕਾਰ ਦੀ “ਥੋਕ ਡਰੱਗ ਪਾਰਕਾਂ ” ਨੂੰ ਉਤਸ਼ਾਹਿਤ ਕਰਨ ਸਬੰਧੀ ਚਲਾਈ ਸਕੀਮ ਬਾਰੇ ਜਾਣਕਾਰੀ ਨਾਲ ਕੀਤੀ ਗਈ। ਇਸ ਤੋਂ ਇਲਾਵਾ ਗੱਲਬਾਤ ਵਿੱਚ ਨਿਵੇਸ਼ ਪੰਜਾਬ ਅਤੇ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੀ ਮੌਜੂਦ ਸਨ।
ਪੰਜਾਬ ਵਿਚ ਉੱਭਰ ਰਹੇ ਫਾਰਮਾ ਸੈਕਟਰ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਸਬੰਧੀ ਸੂਬਾ ਸਰਕਾਰ ਦੇ ਠੋਸ ਇਰਾਦਿਆਂ ਸਬੰਧੀ ਵੈਬੀਨਾਰ ਵਿਚ ਸ਼ਾਮਲ ਉਦਯੋਗਿਕ ਇਕਾਈਆਂ ਅਤੇ ਹੋਰ ਸੰਗਠਨਾਂ ਦੇ ਆਗੂਆਂ ਨੂੰ ਹਰ ਸੰਭਵ ਸਹਿਯੋਗ ਦੀ ਪੇਸ਼ਕਸ਼ ਕੀਤੀ। ਇਹ ਪੰਜਾਬ ਅਤੇ ਫਾਰਮਾ ਉਦਯੋਗ ਦੇ ਆਗੂਆਂ ਦਰਮਿਆਨ ਇੱਕ ਵਿਲੱਖਣ ਭਾਈਵਾਲੀ ਹੈ, ਜੋ ਪੰਜਾਬ ਨੂੰ ਭਾਰਤ ਵਿਚ ਫਾਰਮਾ ਉਦਯੋਗ ਲਈ ਸਭ ਤੋਂ ਬਿਹਤਰ ਥਾਂ ਵਜੋਂ ਦਰਸਾਉਂਦਾ ਹੈ। ਵੈਬਿਨਾਰ ਨੇ ਪੰਜਾਬ ਸਰਕਾਰ ਨੂੰ ਭਾਰਤ ਵਿਚ ਫਾਰਮਾ ਇਕਾਈਆਂ ਦੀਆਂ ਜ਼ਰੂਰਤਾਂ ਨੂੰ ਸਮਝਣ ਅਤੇ ਸੂਬਾ ਸਰਕਾਰ ਦੇ ਵੱਡੇ ਡਰੱਗਜ਼ ਪਾਰਕ ਸਬੰਧੀ ਪ੍ਰਸਤਾਵ ‘ਤੇ ਉਦਯੋਗਿਕ ਫੀਡਬੈਕ ਲੈਣ ਲਈ ਇਕ ਮੰਚ ਵਜੋਂ ਕੰਮ ਕੀਤਾ । ਸੂਬੇ ਦੇ ਨਿਵੇਸ਼ਕਾਂ ਲਈ ਢੁਕਵਾਂ ਮਾਹੌਲ ਸਿਰਜਣ ਲਈ ਕੀਤੇ ਅਗਾਂਹਵਧੂ ਸੁਧਾਰਾਂ ਅਤੇ ਪਹਿਲਕਦਮੀਆਂ ਲਈ ਅਤੇ ਫਾਰਮਾ ਪਾਰਕ ਬਣਾਉਣ ਲਈ ਉਸਾਰੂ ਰਵੱਈਆ ਤੇ ਨਵੀਨਤਮ ਪਹੁੰਚ ਅਪਣਾਉਣ ਲਈ ਭਾਈਵਾਲਾਂ ਨੇ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ ।
ਵੈਬੀਨਾਰ ‘ਚ ਬਠਿੰਡਾ ਵਿਖੇ 1300 ਏਕੜ ਰਕਬੇ ‘ਚ ਬਣਨ ਵਾਲੇ ਥੋਕ ਡਰੱਗਜ਼ ਪਾਰਕ ਸਬੰਧੀ ਹਿੱਸੇਦਾਰਾਂ ਨੂੰ ਜਾਣੂ ਕਰਵਾਉਣ ‘ਤੇ ਧਿਆਨ ਦਿੱਤਾ ਗਿਆ। ਵੈਬਿਨਾਰ ਵਿਚ ਭਾਰਤ ਭਰ (ਪੰਜਾਬ ਸਮੇਤ) ਅਤੇ ਯੂ.ਐਸ.ਏ ਦੇ 50 ਤੋਂ ਵੱਧ ਉੱਘੇ ਫਾਰਮਾ ਉਦਯੋਗਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ । ਇਨਾਂ ਵਿਚ ਡਾ: ਰੈਡੀਜ਼, ਡਿਵਿਸ ਲੈਬਜ਼, ਆਈ.ਓ.ਐਲ ਕੈਮੀਕਲ, ਸਨ ਫਾਰਮਾ, ਨੈਕਟਰ ਲਾਈਫਸਾਇੰਸਸ, ਅਨੁਪਮ ਰਸਾਇਣ, ਸੀਕਿਉਐਂਟ ਸਾਇੰਟੀਫਿਕ, ਏਐਮਆਈ ਲਾਈਫਸਾਇੰਸਸ, ਸੌਰਵ ਕੈਮੀਕਲਜ਼ ਆਦਿ ਸ਼ਾਮਲ ਹੋਏ। ਇਸ ਸੈਸ਼ਨ ਵਿਚ ਯੂ. ਐਨ.ਆਈ .ਡੀ. ਓ, ਐਨ.ਸੀ.ਐਲ, ਸੀ.ਐਸ.ਆਈ.ਆਰ, ਫਾਰਮਾ ਐਕਸਿਲ ਵਰਗੇ ਹੋਰ ਭਾਈਵਾਲ ਆਦਿ ਹਾਜ਼ਰ ਸਨ।